ਰਾਜਸਥਾਨ ਸਕੂਲ ਹਾਦਸਾ: ਛੱਤ ਡਿੱਗਣ ਤੋਂ ਪਹਿਲਾਂ ਬੱਚਿਆਂ ਨੇ ਅਧਿਆਪਕਾਂ ਨੂੰ ਚੌਕਸ ਕੀਤਾ, ਪਰ ਉਹ ਨਾਸ਼ਤਾ ਕਰਦੇ ਰਹੇ...
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਪਿਪਲੋਦੀ ਦੇ ਸਰਕਾਰੀ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਕਰਕੇ ਸੱਤ ਬੱਚਿਆਂ ਦੀ ਮੌਤ ਤੇ 27 ਹੋਰ ਜ਼ਖ਼ਮੀ ਹੋ ਗਏ ਸਨ। ਮਰਨ ਵਾਲਿਆਂ ਵਿੱਚੋਂ ਸਭ ਤੋਂ ਛੋਟਾ ਸਿਰਫ਼ ਛੇ ਸਾਲ ਦਾ ਸੀ। ਸ਼ੁੱਕਰਵਾਰ ਸਵੇਰੇ ਕੁਝ ਮਿੰਟਾਂ ਵਿੱਚ ਹੀ ਮਿਡਲ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ, ਜਿੱਥੇ 6ਵੀਂ ਅਤੇ 7ਵੀਂ ਦੀਆਂ ਜਮਾਤਾਂ ਸਨ, ਹੇਠ ਕਈ ਬੱਚੇ ਦੱਬ ਗਏ। ਰਿਪੋਰਟਾਂ ਮੁਤਾਬਕ ਬੱਚਿਆਂ ਨੇ ਇਮਾਰਤ ਦਾ ਹਿੱਸਾ ਡਿੱਗਣ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਅਧਿਆਪਕਾਂ ਨੂੰ ਚੇਤਾਵਨੀ ਸੰਕੇਤਾਂ ਬਾਰੇ ਸੁਚੇਤ ਕੀਤਾ ਸੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਕਈ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਵਿੱਚ ਕਈ ਅਸਾਧਾਰਨ ਸੰਕੇਤ ਦੇਖੇ ਅਤੇ ਅਧਿਆਪਕਾਂ ਨੂੰ ਸੂਚਿਤ ਕਰਨ ਲਈ ਭੱਜੇ, ਜੋ ਉਸ ਸਮੇਂ ਨਾਸ਼ਤਾ ਕਰ ਰਹੇ ਸਨ। ਅਧਿਆਪਕਾਂ ਨੇ ਮਸਲੇ ਦੀ ਜਾਂਚ ਕਰਨ ਦੀ ਬਜਾਏ ਬੱਚਿਆਂ ਨੂੰ ਕਥਿਤ ਆਪਣੀ ਕਲਾਸ ਵਿੱਚ ਵਾਪਸ ਜਾਣ ਲਈ ਕਿਹਾ। ਕੁਝ ਪਲਾਂ ਬਾਅਦ, ਇਮਾਰਤ ਢਹਿ ਗਈ। ਇੱਕ ਵਿਦਿਆਰਥੀ ਨੇ ਇੰਡੀਆ ਟੂਡੇ ਟੀਵੀ ਨੂੰ ਦੱਸਿਆ, ‘‘ਲੈਂਟਰ ’ਚੋਂ ਕੰਕਰ ਡਿੱਗ ਰਹੇ ਸਨ। ਜਦੋਂ ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਦੱਸਿਆ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ ਅਤੇ ਨਾਸ਼ਤਾ ਕਰਦੇ ਰਹੇ। ਜੇਕਰ ਬੱਚਿਆਂ ਨੂੰ ਬਾਹਰ ਕੱਢਿਆ ਜਾਂਦਾ, ਤਾਂ ਹਾਦਸਾ ਨਾ ਹੁੰਦਾ।’’
ਅੱਠਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਕਿਹਾ, ‘‘ਬੱਚਿਆਂ ਨੂੰ ਪ੍ਰਾਰਥਨਾ ਲਈ ਕਲਾਸ ਦੇ ਅੰਦਰ ਬਿਠਾਇਆ ਗਿਆ ਸੀ। ਅਧਿਆਪਕ ਨਾਸ਼ਤਾ ਕਰ ਰਹੇ ਸਨ। ਜਦੋਂ ਅੰਦਰ ਕੰਕਰ ਡਿੱਗਣੇ ਸ਼ੁਰੂ ਹੋਏ, ਤਾਂ ਬੱਚਿਆਂ ਨੇ ਅਧਿਆਪਕਾਂ ਨੂੰ ਦੱਸਿਆ। ਅਧਿਆਪਕਾਂ ਨੇ ਬੱਚਿਆਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਕਲਾਸ ਵਿੱਚ ਵਾਪਸ ਬੈਠਣ ਲਈ ਕਿਹਾ। ਇਸ ਤੋਂ ਬਾਅਦ, ਕੰਧ ਢਹਿ ਗਈ ਅਤੇ ਛੱਤ ਬੱਚਿਆਂ ’ਤੇ ਡਿੱਗ ਪਈ। ਬਹੁਤ ਸਾਰੇ ਬੱਚੇ ਬਚਣ ਲਈ ਇਧਰ-ਉਧਰ ਭੱਜੇ, ਬਹੁਤ ਸਾਰੇ ਮਲਬੇ ਹੇਠ ਦੱਬ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ।’’ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਕਾਂ ਨੇ ਕਸੂਰਵਾਰਾਂ ਖਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ।
ਇਸ ਦੌਰਾਨ ਕਾਂਗਰਸ ਨੇ ਇਸ ਹਾਦਸੇ ਲਈ ਸੂਬੇ ਦੀ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ ਹੈ। ਪਾਰਟੀ ਆਗੂ ਰਾਹੁਲ ਗਾਂਧੀ ਨੇ ਜਾਂਚ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਹਿੰਦੀ ਵਿਚ ਇਕ ਪੋਸਟ ’ਚ ਕਿਹਾ ਕਿ ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਕਈ ਮਾਸੂਮ ਬੱਚਿਆਂ ਦੀ ਮੌਤ ਬਹੁਤ ਹੀ ਦਰਦਨਾਕ ਅਤੇ ਸ਼ਰਮਨਾਕ ਘਟਨਾ ਹੈ। ਉਨ੍ਹਾਂ ਕਿਹਾ, ‘‘ਸਰਕਾਰ, ਜੋ ਸ਼ਿਕਾਇਤਾਂ ਦੇ ਬਾਵਜੂਦ ਸਾਡੇ ਬੱਚਿਆਂ ਦੇ ਸਕੂਲਾਂ ਦੀਆਂ ਛੱਤਾਂ ਦੀ ਮੁਰੰਮਤ ਨਹੀਂ ਕਰ ਸਕਦੀ, ਦੇਸ਼ ਦੇ ਭਵਿੱਖ ਲਈ 'ਵਿਕਸਤ ਭਾਰਤ' ਦੇ ਵੱਡੇ ਸੁਪਨੇ ਦਿਖਾਉਂਦੀ ਹੈ।’’
ਉਨ੍ਹਾਂ ਦੋਸ਼ ਲਗਾਇਆ, ‘‘ਵਿਕਾਸ ਬਾਰੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਭਾਜਪਾ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਪੁਲ ਢਹਿਣਾ, ਰੇਲ ਹਾਦਸੇ, ਨਵੀਆਂ ਬਣੀਆਂ ਸੜਕਾਂ ਵਿੱਚ ਤਰੇੜਾਂ, ਉਦਘਾਟਨ ਤੋਂ ਬਾਅਦ ਮਹਾਨ ਸ਼ਖਸੀਅਤਾਂ ਦੀਆਂ ਮੂਰਤੀਆਂ ਦਾ ਨੁਕਸਾਨ - ਇਹ ਸਭ ਆਮ ਹੋ ਗਏ ਹਨ।’’ ਖੜਗੇ ਨੈ ਐਕਸ ’ਤੇ ਕਿਹਾ, ‘‘ਭਾਜਪਾ ਦਾ ਧਿਆਨ ਸਿਰਫ਼ ਇੱਕ ਚੀਜ਼ ’ਤੇ ਕੇਂਦਰਿਤ ਹੈ - ਸੱਤਾ ਦੀ ਭੁੱਖ!’’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਘਟਨਾ ਲਈ ਭਾਜਪਾ ’ਤੇ ਵਰ੍ਹਦਿਆਂ ਐਕਸ ’ਤੇ ਕਿਹਾ, ‘‘ਇਹ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ ਕਿ ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਕਈ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ।’’
ਗਾਂਧੀ ਨੇ ਕਿਹਾ, ‘‘ਮੀਡੀਆ ਰਿਪੋਰਟਾਂ ਅਨੁਸਾਰ, ਸਰਕਾਰ ਨੇ ਖਸਤਾ ਹਾਲ ਸਕੂਲਾਂ ਬਾਰੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਾਰਨ ਇਨ੍ਹਾਂ ਮਾਸੂਮ ਬੱਚਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਬਹੁਜਨ ਸਮਾਜ ਦੇ ਸਨ - ਕੀ ਭਾਜਪਾ ਸਰਕਾਰ ਲਈ ਉਨ੍ਹਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ?’’ ਉਨ੍ਹਾਂ ਜ਼ੋਰ ਦੇ ਕੇ ਆਖਿਆ, ‘‘ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।’’