ਰਾਜਸਥਾਨ: ਸੜਕ ਹਾਦਸੇ ਵਿੱਚ ਚਾਰ ਦੋਸਤਾਂ ਦੀ ਮੌਤ
ਬੁੱਧਵਾਰ ਰਾਤ ਵਾਪਰੇ ਇੱਕ ਹਾਦਸੇ ਵਿੱਚ ਐੱਸ ਯੂ ਵੀ ਦੇ ਇੱਕ ਟਰੱਕ ਨਾਲ ਟਕਰਾਉਣ ਦੌਰਾਨ ਅੱਗ ਲੱਗਣ ਕਾਰਨ ਚਾਰ ਜਣਿਆ ਦੀ ਸੜਣ ਕਾਰਨ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਹਾਦਸਾ ਬੁੱਧਵਾਰ ਰਾਤ ਨੂੰ ਸਾਦਾ ਪਿੰਡ ਨੇੜੇ ਹਾਈਵੇਅ ’ਤੇ ਉਦੋਂ ਵਾਪਰਿਆ ਜਦੋਂ ਗੁਡਾਮਲਾਨੀ ਤਹਿਸੀਲ ਦੇ ਡਾਬਦਾ ਪਿੰਡ ਦੇ ਪੰਜ ਨੌਜਵਾਨ ਸਿੰਧਾਰੀ ਵਿੱਚ ਕੰਮ ਤੋਂ ਬਾਅਦ ਘਰ ਪਰਤ ਰਹੇ ਸਨ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਸ ਯੂ ਵੀ ਨੂੰ ਅੱਗ ਲੱਗ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਮੋਹਨ ਸਿੰਘ (35), ਸ਼ੰਭੂ ਸਿੰਘ (20), ਪੰਚਾ ਰਾਮ (22) ਅਤੇ ਪ੍ਰਕਾਸ਼ (28) ਵਜੋਂ ਹੋਈ ਹੈ। ਡਰਾਈਵਰ ਦਿਲੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਡਿਪਟੀ ਸੁਪਰਡੈਂਟ ਆਫ਼ ਪੁਲੀਸ (ਸਿਵਾਣਾ) ਨੀਰਜ ਸ਼ਰਮਾ ਨੇ ਦੱਸਿਆ ਕਿ ਲਾਸ਼ਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਸਿਰਫ਼ ਡੀ.ਐੱਨ.ਏ. ਜਾਂਚ ਤੋਂ ਬਾਅਦ ਹੀ ਹੋ ਸਕੇਗੀ।
ਉਨ੍ਹਾਂ ਕਿਹਾ, ‘‘ਪੁਸ਼ਟੀ ਹੋਣ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।’’