ਰਾਜਸਥਾਨ ਨਹਿਰ ਦਾ ਪੰਜਾਬ ਵਿੱਚ ਸ਼ਤਾਬਦੀ ਸਮਾਰੋਹ
ਰਾਜਸਥਾਨ ਦੀ ਬੀਕਾਨੇਰ ਨਹਿਰ ਦੇ ਜਸ਼ਨ ਪੰਜਾਬ ਦੀ ਧਰਤੀ ’ਤੇ ਮਨਾਏ ਜਾਣ ਤੋਂ ਨਵੇਂ ਚਰਚੇ ਛਿੜ ਗਏ ਹਨ। ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਭਲਕੇ ਬੀਕਾਨੇਰ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਗਏ ਹਨ ਜਿਨ੍ਹਾਂ ’ਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸ਼ਤਾਬਦੀ ਸਮਾਰੋਹ ਭਾਜਪਾ ਦੀ ਕੌਮੀ ਕੌਂਸਲ ਦੇ ਵਿਸ਼ੇਸ਼ ਇਨਵਾਇਟੀ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਾ ਰਹੇ ਹਨ। ਭਲਕੇ ਰਾਜਸਥਾਨ ਸਰਕਾਰ ਵੀ ਗੰਗਾਨਗਰ ਵਿੱਚ ਸੂਬਾ ਪੱਧਰੀ ਸਮਾਗਮ ਕਰ ਰਹੀ ਹੈ ਜਿੱਥੇ ਰਾਜਸਥਾਨ ਦੇ ਮੁੱਖ ਮੰਤਰੀ ਪੁੱਜ ਰਹੇ ਹਨ।
ਭਾਜਪਾ ਵੱਲੋਂ ਪੰਜਾਬ ਦੀ ਧਰਤੀ ’ਤੇ ਰਾਜਸਥਾਨ ਦੀ ਨਹਿਰ ਦੇ ਸ਼ਤਾਬਦੀ ਸਮਾਰੋਹ ਰੱਖੇ ਜਾਣ ਤੋਂ ਪੰਜਾਬ ਦੇ ਸਿਆਸੀ ਹਲਕਿਆਂ ’ਚ ਕਾਫ਼ੀ ਬੇਚੈਨੀ ਪਾਈ ਜਾ ਰਹੀ ਹੈ। ਸੁਆਲ ਉੱਠ ਰਹੇ ਹਨ ਕਿ ਭਾਜਪਾ ਅਜਿਹੇ ਸਮਾਰੋਹ ਆਯੋਜਿਤ ਕਰਕੇ ਪੰਜਾਬੀਆਂ ਦੀ ਦੁਖਦੀ ਰਗ ’ਤੇ ਹੱਥ ਰੱਖ ਰਹੀ ਹੈ। ਬੀਕਾਨੇਰ ਨਹਿਰ ਜਿਸ ਨੂੰ ਗੰਗ ਕੈਨਾਲ ਵੀ ਕਿਹਾ ਜਾਂਦਾ ਹੈ ਦੀ ਸਮਰੱਥਾ 3027 ਕਿਊਸਿਕ ਹੈ ਅਤੇ ਆਜ਼ਾਦੀ ਤੋਂ ਪਹਿਲਾਂ ਇਸ ਨਹਿਰ ਜ਼ਰੀਏ 1.11 ਐੱਮਏਐੱਫ ਪਾਣੀ ਰਾਜਸਥਾਨ ਨੂੰ ਸਪਲਾਈ ਹੁੰਦਾ ਸੀ। ਇਹ ਨਹਿਰ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਹੈ।
ਵੇਰਵਿਆਂ ਅਨੁਸਾਰ ਇਹ ਨਹਿਰ 1925 ’ਚ ਬਣੀ ਸੀ ਅਤੇ ਇਸ ਦੇ ਸੌ ਸਾਲ ਪੂਰੇ ਹੋਣ ’ਤੇ ਹੁਣ ਰਾਜਸਥਾਨ ਸਰਕਾਰ ਸ਼ਤਾਬਦੀ ਸਮਾਰੋਹ ਮਨਾ ਰਹੀ ਹੈ। ਸੂਤਰਾਂ ਅਨੁਸਾਰ ਰਾਜਸਥਾਨ ਸਰਕਾਰ ਨੇ ਗੈਰ ਰਸਮੀ ਤੌਰ ’ਤੇ ਪੰਜਾਬ ਸਰਕਾਰ ਨੂੰ ਗੰਗਾਨਗਰ ਵਿਖੇ ਭਲਕੇ ਹੋਣ ਵਾਲੇ ਸ਼ਤਾਬਦੀ ਸਮਾਰੋਹਾਂ ਵਾਸਤੇ ਵੀ ਸੱਦਿਆ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ।
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ’ਚ ਬੀਕਾਨੇਰ ਨਹਿਰ ਦੇ ਸ਼ਤਾਬਦੀ ਸਮਾਰੋਹਾਂ ਦੀ ਅਗਵਾਈ ਕਰਨ ਤੋਂ ਵਿਰੋਧੀ ਧਿਰਾਂ ਨੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। ਦੱਸਣਯੋਗ ਹੈ ਕਿ ਬੀਕਾਨੇਰ ਸਟੇਟ ਦੇ ਮਹਾਰਾਜਾ ਗੰਗਾ ਸਿੰਘ ਨੇ ਗੰਗ ਕੈਨਾਲ ਦੀ ਉਸਾਰੀ 1922 ’ਚ ਸ਼ੁਰੂ ਕਰਾਈ ਸੀ ਅਤੇ 1925 ’ਚ ਇਹ ਨਹਿਰ ਚਾਲੂ ਹੋਈ ਸੀ। ਪਤਾ ਲੱਗਿਆ ਹੈ ਕਿ ਸਾਲ 1955 ਤੱਕ ਮਹਾਰਾਜੇ ਵੱਲੋਂ ਪੰਜਾਬ ਨੂੰ ਇਸ ਪਾਣੀ ’ਤੇ ਰਾਇਲਟੀ ਦਿੱਤੀ ਜਾਂਦੀ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਪੰਜਾਬ ਦੇ ਖੇਤ ਪਾਣੀ ਦਾ ਸੰਕਟ ਝੱਲ ਰਹੇ ਹਨ, ਉਦੋਂ ਭਾਜਪਾ ਬੀਕਾਨੇਰ ਨਹਿਰ ਦੇ ਜਸ਼ਨ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪਹਿਲਾਂ ਪੰਜਾਬ ਨੂੰ ਪਾਣੀਆਂ ’ਤੇ ਬਣਦਾ ਹੱਕ ਦੇਵੇ ਅਤੇ ਅਜਿਹੇ ਪਾਖੰਡ ਕਰਨ ਤੋਂ ਬਾਜ਼ ਆਵੇ।
ਪੰਜਾਬ ਸਹਿਣ ਨਹੀਂ ਕਰੇਗਾ : ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਅੰਗਰੇਜ਼ਾਂ ਨੇ ਬੀਕਾਨੇਰ ਦੇ ਮਹਾਰਾਜੇ ਨੂੰ ਖ਼ੁਸ਼ ਕਰਨ ਲਈ ਪੰਜਾਬੀਆਂ ਦੀ ਸਹਿਮਤੀ ਤੋਂ ਬਿਨਾਂ ਇਹ ਨਹਿਰ ਬਣਾਈ ਸੀ,
ਜੋ ਪੰਜਾਬੀਆਂ ਲਈ ਬੇਇਨਸਾਫ਼ੀ ਦਾ ਪ੍ਰਤੀਕ ਹੈ। ਭਾਜਪਾ ਇਸ ਨਹਿਰ ਦੇ ਜਸ਼ਨ ਮਨਾ ਕੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ ਜਿਸ ਨੂੰ ਪੰਜਾਬ ਕਦੇ ਬਰਦਾਸ਼ਤ ਨਹੀਂ ਕਰੇਗਾ।
