ਰਾਜਾ ਰਘੂਵੰਸ਼ੀ ਕਤਲ ਮਾਮਲਾ: ਪੀੜਤ ਦੇ ਰਿਸ਼ਤੇਦਾਰਾਂ ਨੇ ਸੋਨਮ ਦੇ ਪਰਿਵਾਰਕ ਮੈਂਬਰਾਂ ਦੇ ਨਾਰਕੋ ਟੈਸਟ ਦੀ ਮੰਗ ਕੀਤੀ
ਇੰਦੌਰ, 16 ਜੂਨ
Raja Raghuvanshi case: ਮੇਘਾਲਿਆ ਵਿੱਚ ਹਨੀਮੂਨ ਦੌਰਾਨ ਕਤਲ ਕੀਤੇ ਗਏ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਦੇ ਵੱਡੇ ਭਰਾ ਨੇ ਸੋਮਵਾਰ ਨੂੰ ਮੁੱਖ ਦੋਸ਼ੀ ਸੋਨਮ ਦੇ ਮਾਤਾ-ਪਿਤਾ ਦੇ ਨਾਰਕੋ-ਐਨਾਲਿਸਿਸ ਟੈਸਟ ਦੀ ਮੰਗ ਕੀਤੀ ਅਤੇ ਕਿਹਾ ਕਿ ਪਰਿਵਾਰ ਨੂੰ ਕਤਲ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ।
ਪੁਲੀਸ ਨੇ 29 ਸਾਲਾ ਕਾਰੋਬਾਰੀ ਦੇ ਪਿਛਲੇ ਮਹੀਨੇ ਹੋਏ ਕਤਲ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਵਿੱਚ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ (25) ਅਤੇ ਉਸ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ (20) ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੇਘਾਲਿਆ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਇੱਕ ਐੱਸਆਈਟੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੱਥੇ ਰਘੂਵੰਸ਼ੀ ਦੀ ਤੇਰਵੀਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਦੇ ਵੱਡੇ ਭਰਾ ਵਿਪਨ ਰਘੂਵੰਸ਼ੀ ਨੇ ਕਿਹਾ, ‘‘ਅਸੀਂ ਸੋਨਮ, ਉਸ ਦੇ ਮਾਤਾ-ਪਿਤਾ, ਭਰਾ ਗੋਵਿੰਦ ਅਤੇ ਭਰਜਾਈ ਦੇ ਨਾਰਕੋ-ਐਨਲਿਸਿਸ ਟੈਸਟ ਦੀ ਮੰਗ ਕਰਦੇ ਹਾਂ।’’
ਵਿਪਨ ਰਘੂਵੰਸ਼ੀ ਨੇ ਕਿਹਾ, ‘‘ਕਤਲ ਨਾਲ ਸਬੰਧਤ ਨਵੇਂ ਵੀਡੀਓ ਇੱਕ ਤੋਂ ਬਾਅਦ ਇੱਕ ਸਾਹਮਣੇ ਆ ਰਹੇ ਹਨ। ਸਾਡਾ ਮੰਨਣਾ ਹੈ ਕਿ ਮੇਰੇ ਛੋਟੇ ਭਰਾ ਦੇ ਕਤਲ ਵਿੱਚ ਹੋਰ ਲੋਕ ਵੀ ਸ਼ਾਮਲ ਹੋ ਸਕਦੇ ਹਨ।’’ ਉਸ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਹਨ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਅਤੇ ਪੁੱਛਿਆ ਜਾਵੇ ਕਿ ਉਨ੍ਹਾਂ ਨੇ ਪਹਿਲਾਂ ਇਹ ਫੁਟੇਜ ਕਿਉਂ ਜਾਰੀ ਨਹੀਂ ਕੀਤੀ। ਹਾਲਾਂਕਿ ਉਸ ਨੇ ਮੇਘਾਲਿਆ ਪੁਲੀਸ ਦੀ ਜਾਂਚ 'ਤੇ ਤਸੱਲੀ ਪ੍ਰਗਟਾਈ।
ਇਸ ਦੌਰਾਨ ਸੋਨਮ ਦਾ ਭਰਾ ਗੋਵਿੰਦ ਤੇਰਵੀਂ ਰਸਮ ਵਿੱਚ ਸ਼ਾਮਲ ਹੋਇਆ, ਪਰ ਰਘੂਵੰਸ਼ੀ ਦੇ ਪਰਿਵਾਰ ਨੇ ਕਿਹਾ ਕਿ ਉਸ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਗੋਵਿੰਦ ਨੇ ਕਿਹਾ, ‘‘ਮੈਂ ਇੱਥੇ ਮੁਆਫੀ ਮੰਗਣ ਆਇਆ ਹਾਂ। ਜੇ ਕਿਸੇ ਨੂੰ ਸਾਡੇ ’ਤੇ ਸ਼ੱਕ ਹੈ, ਤਾਂ ਅਸੀਂ ਜਾਂਚ ਕਰਵਾਉਣ ਲਈ ਤਿਆਰ ਹਾਂ। ਅਸੀਂ ਰਾਜਾ ਰਘੂਵੰਸ਼ੀ ਦੇ ਪਰਿਵਾਰ ਦੇ ਨਾਲ ਖੜ੍ਹੇ ਹਾਂ।’’ -ਪੀਟੀਆਈ