Raj Meet Udhav Thakrey: ਛੇ ਸਾਲ ਬਾਅਦ ਊਧਵ ਦੇ ਘਰ ਪੁੱਜੇ ਰਾਜ ਠਾਕਰੇ
ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਅੱਜ ਸ਼ਿਵ ਸੈਨਾ ਆਗੂ ਊਧਵ ਠਾਕਰੇ ਨੂੰ ਘਰ ਜਾ ਕੇ ਜਨਮ ਦਿਨ ਵੀ ਵਧਾਈ ਦਿੱਤੀ। ਰਾਜ ਠਾਕਰੇ ਦਾਦਰ ਸਥਿਤ ਆਪਣੇ ਨਿਵਾਸ ਤੋਂ ਊਧਵ ਦੇ ਬਾਂਦਰਾ ਸਥਿਤ ਨਿਵਾਸ ਮਾਤੋਸ੍ਰੀ ਪੁੱਜੇ। ਉਹ ਛੇ ਸਾਲ ਬਾਅਦ ਊਧਵ ਦੇ ਨਿਵਾਸ ’ਤੇ ਪੁੱਜੇ ਹਨ। ਇਸ ਤੋਂ ਪਹਿਲਾਂ ਇਸ ਸਾਲ ਪੰਜ ਜੁਲਾਈ ਨੂੰ ਦੋਵੇਂ ਆਗੂ ਇਕ ਮੰਚ ’ਤੇ ਵੀ ਇਕੱਠੇ ਹੋਏ ਸਨ। ਰਾਜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ ਕਿ ਉਹ ਅੱਜ ਆਪਣੇ ਵੱਡੇ ਭਰਾ ਊਧਵ ਠਾਕਰੇ ਨੂੰ ਜਨਮ ਦਿਨ ਦੀ ਵਧਾਈ ਦੇਣ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਗਏ ਸਨ। ਇਸ ਮੌਕੇ ਉਨ੍ਹਾਂ ਮੁਲਾਕਾਤ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਦੂਜੇ ਪਾਸੇ ਊਧਵ ਨੇ ਵੀ ਇਸ ਮੁਲਾਕਾਤ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਊਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਮੁਲਾਕਾਤ ਨੂੰ ਰਾਜਸੀ ਮਹੱਤਵ ਨਹੀਂ ਦੇਣਾ ਚਾਹੀਦਾ। ਫੜਨਵੀਸ ਨੇ ਨਾਗਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਵਾਂ ਦੀ ਮੁਲਾਕਾਤ ਖੁਸ਼ੀ ਦੀ ਗੱਲ ਹੈ। ਇਸ ਨੂੰ ਰਾਜਨੀਤਕ ਨਜ਼ਰੀਏ ਨਾਲ ਨਾ ਦੇਖਿਆ ਜਾਵੇ।