ਉੱਤਰਾਖੰਡ ’ਚ ਮੀਂਹ ਦਾ ਕਹਿਰ: ਢਿੱਗਾਂ ਡਿੱਗਣ ਨਾਲ ਦੋ ਸ਼ਰਧਾਲੂਆਂ ਦੀ ਮੌਤ; ਕੇਦਾਰਨਾਥ ਯਾਤਰਾ 3 ਸਤੰਬਰ ਤੱਕ ਮੁਲਤਵੀ
ਕੇਦਾਰਨਾਥ ਮਾਰਗ ’ਤੇ ਸੋਨਪ੍ਰਯਾਗ ਅਤੇ ਗੌਰੀਕੁੰਡ ਵਿਚਕਾਰ ਮੁਨਕਟੀਆ ਨੇੜੇ ਸਵੇਰੇ 7.34 ਵਜੇ ਜ਼ਮੀਨ ਖਿਸਕ ਗਈ। ਰੁਦਰਪ੍ਰਯਾਗ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਕਿਹਾ ਕਿ ਮੁਨਕਟੀਆ ਵਿਖੇ ਪਹਾੜੀ ਤੋਂ ਚੱਟਾਨਾਂ ਅਤੇ ਪੱਥਰਾਂ ਨਾਲ ਭਰਿਆ ਮਲਬਾ ਡਿੱਗਿਆ ਅਤੇ ਸੜਕ ਤੋਂ ਲੰਘ ਰਹੇ ਇੱਕ ਵਾਹਨ ਨਾਲ ਟਕਰਾ ਗਿਆ, ਜਿਸ ਨਾਲ ਦੋ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਵਾਹਨ ਵਿੱਚ ਸਵਾਰ ਛੇ ਹੋਰ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚੋਂ ਚਾਰ ਨੂੰ ਇਲਾਜ ਲਈ ਵੱਡੇ ਹਸਪਤਾਲ ਭੇਜਿਆ ਗਿਆ ਹੈ।
ਮ੍ਰਿਤਕਾਂ ਦੀ ਪਛਾਣ ਉੱਤਰਕਾਸ਼ੀ ਜ਼ਿਲ੍ਹੇ ਦੇ ਬਾਰਕੋਟ ਤੋਂ ਰੀਤਾ (30) ਅਤੇ ਚੰਦਰ ਸਿੰਘ (68) ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਮੋਹਿਤ ਚੌਹਾਨ, ਨਵੀਨ ਸਿੰਘ ਰਾਵਤ, ਪ੍ਰਤਿਭਾ, ਮਮਤਾ, ਰਾਜੇਸ਼ਵਰੀ ਅਤੇ ਪੰਕਜ ਵਜੋਂ ਹੋਈ ਹੈ ਜੋ ਕਿ ਉੱਤਰਕਾਸ਼ੀ ਜ਼ਿਲ੍ਹੇ ਤੋਂ ਵੀ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਮੀਂਹ ਦੇ ਮੱਦੇਨਜ਼ਰ, ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਦਾਰਨਾਥ ਯਾਤਰਾ ਨੂੰ ਤਿੰਨ ਸਤੰਬਰ ਤੱਕ ਤਿੰਨ ਦਿਨਾਂ ਲਈ ਰੋਕ ਦਿੱਤਾ ਹੈ। -ਪੀਟੀਆਈ