ਮੈਦਾਨਾਂ ’ਚ ਮੀਂਹ ਤੇ ਪਹਾੜਾਂ ’ਤੇ ਬਰਫਬਾਰੀ
ਪੰਜਾਬ ਤੇ ਹਰਿਆਣਾ ’ਚ ਸੋਮਵਾਰ ਨੂੰ ਜਿੱਥੇ ਕਈ ਥਾਵਾਂ ’ਤੇ ਮੀਂਹ ਪਿਆ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਹੋਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਹਾਲੀ, ਅੰਮ੍ਰਿਤਸਰ, ਹੁਸ਼ਿਆਰਪੁਰ, ਪਠਾਨਕੋਟ, ਫਗਵਾੜਾ, ਕਪੂਰਥਲਾ, ਜਲੰਧਰ, ਬਠਿੰਡਾ, ਰੂਪਨਗਰ ਤੇ ਲੁਧਿਆਣਾ ਵਿੱਚ ਜਦਕਿ ਹਰਿਆਣਾ ਦੇ ਪੰਚਕੂਲਾ, ਹਿਸਾਰ, ਫਤਿਹਾਬਾਦ, ਅੰਬਾਲਾ, ਰੋਹਤਕ ਤੇ ਕੁਰੂਕਸ਼ੇਤਰ ’ਚ ਮੀਂਹ ਪਿਆ ਹੈ। ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ’ਚ ਵੀ ਮੀਂਹ ਪਿਆ ਹੈ। ਮੌਸਮ ਵਿਭਾਗ ਨੇ ਸੱਤ ਅਕਤੂਬਰ ਨੂੰ ਵੀ ਪੰਜਾਬ ਤੇ ਹਰਿਆਣਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ’ਚ ਸੋਮਵਾਰ ਨੂੰ ਦੂਜੇ ਦਿਨ ਵੀ ਬਰਫਬਾਰੀ ਹੋਈ ਜਿਸ ਕਾਰਨ ਘੱਟੋ ਘੱਟ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੋਂਧਲਾ ਅਤੇ ਕੇਲਾਂਗ ’ਚ ਕ੍ਰਮਵਾਰ ਪੰਜ ਸੈਂਟੀਮੀਟਰ ਤੇ ਚਾਰ ਸੈਂਟੀਮੀਟਰ ਬਰਫਬਾਰੀ ਹੋਈ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਤੱਕ ਸਾਰੇ ਜ਼ਿਲ੍ਹਿਆਂ ’ਚ ਰੁਕ ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਗੁਲਮਰਗ, ਅਨੰਤਨਾਗ, ਕੁਪਵਾੜਾ ਤੇ ਹੋਰ ਉੱਚੇ ਇਲਾਕਿਆਂ ’ਚ ਬਰਫਬਾਰੀ ਹੋਣ ਕਾਰਨ ਦਿਨ ਦੇ ਤਾਪਮਾਨ ’ਚ ਕਮੀ ਆਈ ਹੈ।