ਕਸ਼ਮੀਰ ਵਾਦੀ ਦੇ ਕਈ ਖੇਤਰਾਂ ਵਿੱਚ ਬਾਰਸ਼
ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਅੱਜ ਦਰਮਿਆਨਾ ਤੋਂ ਭਾਰੀ ਮੀਂਹ ਪਿਆ, ਜਿਸ ਮਗਰੋਂ ਅਧਿਕਾਰੀਆਂ ਨੇ ਵਾਦੀ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤੇ। ਇਸੇ ਦੌਰਾਨ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੱਦਲ ਫਟਣ ਤੋਂ ਪ੍ਰਭਾਵਿਤ ਦੂਰ-ਦੁਰਾਡੇ ਦੇ ਪਿੰਡ ਚਸ਼ੋਤੀ ਵਿੱਚ ਮਲਬੇ ’ਚ ਦੱਬੇ ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ।
ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਵਾਦੀ ਦੇ ਸ੍ਰੀਨਗਰ, ਕੁਪਵਾੜਾ, ਬਾਰਾਮੂਲਾ, ਅਨੰਤਨਾਗ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਪਵਾੜਾ ਦੇ ਲੋਲਬ ਦੇ ਵਾਰਨੋਵ ਜੰਗਲੀ ਖੇਤਰ ਵਿੱਚ ਗਰਜ ਦੇ ਨਾਲ ਮੋਹਲੇਧਾਰ ਮੀਂਹ ਪੈਣ ਨਾਲ ਲੋਕਾਂ ਨੂੰ ਬੱਦਲ ਫਟਣ ਦੀ ਸੰਭਾਵਨਾ ਕਾਰਨ ਸੁਰੱਖਿਅਤ ਥਾਵਾਂ ਵੱਲ ਜਾਣਾ ਪਿਆ। ਭਾਰਤੀ ਮੌਸਮ ਵਿਭਾਗ ਦੇ ਸ੍ਰੀਨਗਰ ਕੇਂਦਰ ਨੇ ਕਸ਼ਮੀਰ ਵਾਦੀ ਦੇ ਕਈ ਹਿੱਸਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਖ਼ਰਾਬ ਮੌਸਮ ਕਾਰਨ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਵਿੱਚ ਪੁਲੀਸ ਨੇ ਲੋਕਾਂ ਦੀ ਸੁਵਿਧਾ ਲਈ ਅਤੇ ਕਿਸੇ ਵੀ ਮੰਦਭਾਗੀ ਘਟਨਾ ਤੋਂ ਬਚਣ ਲਈ ਐਮਰਜੈਂਸੀ ਹੈਲਪਲਾਈਨਜ਼ ਸਥਾਪਤ ਕੀਤੀਆਂ ਹਨ। ਪੁਲਵਾਮਾ ਤੇ ਅਨੰਤਨਾਗ ਦੇ ਲੋਕਾਂ ਨੂੰ 19 ਅਗਸਤ ਤੱਕ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਸੀਆਈਐੱਸਐੱਫ ਦੇ ਏਡੀਜੀ ਵੱਲੋਂ ਬਚਾਅ ਕਾਰਜਾਂ ਦਾ ਜਾਇਜ਼ਾ
ਸ੍ਰੀਨਗਰ: ਸੀਆਈਐੱਸਐੱਫ ਦੇ ਵਧੀਕ ਡਾਇਰੈਕਟਰ ਜਨਰਲ ਸੁਧੀਰ ਕੁਮਾਰ ਨੇ ਅੱਜ ਬੱਦਲ ਫਟਣ ਤੋਂ ਪ੍ਰਭਾਵਿਤ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਚਸ਼ੋਤੀ ਪਿੰਡ ਪਹੁੰਚ ਕੇ ਜਾਰੀ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਬਲ ਦੀ ਜਵਾਨਾਂ ਦੀ ਸ਼ਲਾਘਾ ਕੀਤੀ। ਕੁਮਾਰ ਨੇ ਦੱਸਿਆ ਕਿ 14 ਅਗਸਤ ਨੂੰ ਪਿੰਡ ਵਿੱਚ ਆਈ ਕੁਦਰਤੀ ਆਫ਼ਤ ਵਿੱਚ ਸੀਆਈਐੱਸਐੱਫ ਦੇ ਤਿੰਨ ਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਅਜੇ ਵੀ ਲਾਪਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 61 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ ਜਦਕਿ 100 ਤੋਂ ਜ਼ਿਆਦਾ ਜ਼ਖ਼ਮੀਆਂ ਨੂੰ ਬਚਾਇਆ ਗਿਆ ਹੈ। ਇਸ ਤੋਂ ਇਲਾਵਾ 50 ਤੋਂ ਵੱਧ ਲੋਕ ਲਾਪਤਾ ਹਨ।
ਹਿਮਾਚਲ ’ਚ ਭਾਰੀ ਮੀਂਹ ਕਾਰਨ 400 ਸੜਕਾਂ ਬੰਦ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ ਅਤੇ ਤਿੰਨ ਕੌਮੀ ਸ਼ਾਹਰਾਹਾਂ ਸਣੇ 400 ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਅਤੇ ਢਿੱਗਾਂ ਡਿੱਗਣ ਕਾਰਨ ਸ਼ਿਮਲਾ ਜ਼ਿਲ੍ਹੇ ਦੇ ਸੁੰਨੀ ਇਲਾਕੇ ਵਿੱਚ ਤੱਤਾ-ਪਾਣੀ ਨੇੜੇ ਸ਼ਿਮਲਾ-ਮੰਡੀ ਸੜਕ ਬੰਦ ਕਰ ਦਿੱਤੀ ਗਈ ਹੈ। ਸੜਕ ਦੀ ਚੌੜਾਈ ਘਟ ਕੇ ਡੇਢ ਮੀਟਰ ਰਹਿ ਗਈ ਹੈ ਜਿਸ ਕਾਰਨ ਸੜਕ ਵਾਹਨਾਂ ਦੀ ਆਵਾਜਾਈ ਲਈ ਖ਼ਤਰਨਾਕ ਹੋ ਗਈ ਹੈ। ਥਾਲੀ ਪੁਲੀ ਤੋਂ ਹੋ ਕੇ ਲੰਘਣ ਵਾਲਾ ਬਦਲਵਾਂ ਰਸਤਾ ਵੀ ਬੰਦ ਹੋ ਗਿਆ ਹੈ, ਜਿਸ ਕਰ ਕੇ ਕਰਸੋਗ ਦਾ ਸ਼ਿਮਲਾ ਤੋਂ ਸੰਪਰਕ ਟੁੱਟ ਗਿਆ ਹੈ। ਖ਼ਬਰਾਂ ਮੁਤਾਬਕ, ਕੁੱਲੂ ਜ਼ਿਲ੍ਹੇ ਵਿੱਚ ਪਾਗਲ ਨਾਲਾ ਨੇੜੇ ਔਤ-ਲਰਗੀ-ਸੇਂਜ ਸੜਕ ’ਤੇ ਢਿੱਗਾਂ ਡਿੱਗਣ ਤੋਂ ਬਾਅਦ ਲਗਪਗ 15 ਪਿੰਡਾਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਸਥਾਨਕ ਮੌਸਮ ਵਿਭਾਗ ਦਫ਼ਤਰ ਨੇ 21 ਅਗਸਤ ਨੂੰ ਛੱਡ ਕੇ 24 ਅਗਸਤ ਤੱਕ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦਾ ‘ਯੈੱਲੋ ਅਲਰਟ’ ਜਾਰੀ ਕੀਤਾ ਹੈ। -ਪੀਟੀਆਈ