ਉੱਤਰਕਾਸ਼ੀ ’ਚ ਮੀਂਹ ਦਾ ਕਹਿਰ: ਖੀਰ ਗੰਗਾ ਨਦੀ ਦੇ ਕੈਚਮੈਂਟ ਏਰੀਏ ’ਚ ਬੱਦਲ ਫਟਿਆ; ਹੜ੍ਹ ਕਾਰਨ ਅੱਧਾ ਧਰਾਲੀ ਪਿੰਡ ਰੁੜ੍ਹਿਆ, ਚਾਰ ਮੌਤਾਂ
ਉੱਤਰਕਾਸ਼ੀ ਦੇ ਹਰਸ਼ੀਲ ਇਲਾਕੇ ਦੇ ਧਰਾਲੀ ਪਿੰਡ ਵਿਚ ਮੰਗਲਵਾਰ ਨੂੰ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿੰਡ ਦਾ ਅੱਧਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਅਤੇ ਕਈ ਲੋਕ ਲਾਪਤਾ ਹੋ ਗਏ। ਮਿੱਟੀ ਦੀ ਗਾਰ ਵਾਲਾ ਪਾਣੀ ਪੂਰੇ ਪਿੰਡ ਵਿਚ ਭਰ ਗਿਆ। ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਗੰਗੋਤਰੀ ਜਾਣ ਵਾਲੇ ਰਸਤੇ ’ਤੇ ਧਾਰਲੀ ਦੇ ਉੱਚਾਈ ਵਾਲੇ ਪਿੰਡਾਂ ਵਿੱਚ ਬੱਦਲ ਫਟਣ ਕਾਰਨ ਅਚਾਨਕ ਹੜ੍ਹ ਆ ਗਿਆ, ਜਿਸ ਕਾਰਨ ਕਈ ਘਰ ਪਾਣੀ ਵਿੱਚ ਰੁੜ ਗਏ ਜਾਂ ਨੁਕਸਾਨੇ ਗਏ ਅਤੇ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਧਰਾਲੀ ਗੰਗੋਤਰੀ ਜਾਣ ਵਾਲੇ ਰਸਤੇ ਵਿਚ ਠਹਿਰਾਅ ਦਾ ਮੁੱਖ ਪੜਾਅ ਹੈ ਅਤੇ ਬਹੁਤ ਸਾਰੇ ਹੋਟਲ, ਰੈਸਟੋਰੈਂਟ ਅਤੇ ਹੋਮ ਸਟੇਅ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਖੀਰ ਗੰਗਾ ਨਦੀ ਦੇ ਕੈਚਮੈਂਟ ਖੇਤਰ ਵਿੱਚ ਕਿਤੇ ਬੱਦਲ ਫਟਣ ਕਾਰਨ ਭਿਆਨਕ ਹੜ੍ਹ ਆਇਆ। ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਪ੍ਰਸ਼ਾਂਤ ਆਰੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਰਿਪੋਰਟਾਂ ਅਨੁਸਾਰ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਰਸ਼ਿਲ ਤੋਂ ਫੌਜ ਦੀ ਇੱਕ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਇੱਕ ਪਿੰਡ ਵਾਸੀ ਰਾਜੇਸ਼ ਪੰਵਾਰ ਨੇ ਪੀਟੀਆਈ ਨੂੰ ਦੱਸਿਆ ਕਿ ਮਲਬੇ ਹੇਠ ਲਗਭਗ 10-12 ਲੋਕ ਦੱਬੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ 20-25 ਹੋਟਲ ਅਤੇ ਹੋਮਸਟੇਅ ਰੁੜ੍ਹ ਗਏ ਹੋ ਸਕਦੇ ਹਨ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, ‘‘ਧਰਾਲੀ (ਉੱਤਰਕਾਸ਼ੀ) ਖੇਤਰ ਵਿੱਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਦੀ ਖ਼ਬਰ ਬਹੁਤ ਦੁਖਦਾਈ ਅਤੇ ਦਰਦਨਾਕ ਹੈ। SDRF, NDRF, ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੰਗੀ ਪੱਧਰ 'ਤੇ ਲੱਗੀਆਂ ਹੋਈਆਂ ਹਨ।’’ ਉਨ੍ਹਾਂ ਕਿਹਾ, ‘‘ਮੈਂ ਇਸ ਸਬੰਧ ਵਿੱਚ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।’’
ਇਸ ਦੌਰਾਨ ਆਫ਼ਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਭਿਆਨਕ ਵੀਡੀਓ ਵਿੱਚ ਹੜ੍ਹ ਦਾ ਪਾਣੀ ਪਹਾੜ ਤੋਂ ਹੇਠਾਂ ਵਗਦੇ ਹੋਏ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ। ਪਿੰਡ ਵਿੱਚ 20-25 ਹੋਟਲ ਅਤੇ ਹੋਮਸਟੇਅ ਸਨ, ਅਤੇ ਬਹੁਤ ਸਾਰੇ ਲੋਕ ਪਾਣੀ ਵਿੱਚ ਵਹਿ ਗਏ ਸਨ।
ਉੱਤਰਾਖੰਡ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉੱਤਰਾਖੰਡ ਦੇ ਹਰਸ਼ਿਲ ਖੇਤਰ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।’’ ਪੁਲੀਸ ਨੇ ਸਥਾਨਕ ਲੋਕਾਂ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਲਗਾਤਾਰ ਪੰਜਵੇਂ ਦਿਨ ਵੀ ਉਤਰਾਖੰਡ ਵਿੱਚ ਮੌਨਸੂਨ ਦੀ ਝੜੀ ਜਾਰੀ ਰਹੀ, ਜਿਸ ਨਾਲ ਕਈ ਜ਼ਿਲ੍ਹਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ।
ਪ੍ਰਭਾਵਿਤ ਖੇਤਰ ਵਿੱਚ ਆਫ਼ਤ ਪ੍ਰਤੀਕਿਰਿਆ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਇਸ ਸਮੇਂ ਜਾਰੀ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ।