ਜਨਰਲ ਡੱਬਿਆਂ ਦੇ ਯਾਤਰੀਆਂ ਨੂੰ ਕਿਫਾਇਤੀ ਭੋਜਨ ਉਪਲੱਬਧ ਕਰਵਾਏਗੀ ਰੇਲਵੇ
ਨਵੀਂ ਦਿੱਲੀ: ਰੇਲਵੇ ਨੇ ਸਾਧਾਰਨ ਡੱਬਿਆਂ (ਜਨਰਲ ਕੋਚ) ਦੇ ਯਾਤਰੀਆਂ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਗਿਆ ਕਿਫਾਇਤੀ ਭੋਜਨ ਤੇ ਬੋਤਲਬੰਦ ਪਾਣੀ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਹੈ। ਰੇਲਵੇ ਬੋਰਡ ਵੱਲੋਂ ਜਾਰੀ ਹੁਕਮ ਮੁਤਾਬਕ ਭੋਜਨ ਪਰੋਸਣ ਵਾਲੇ ਇਨ੍ਹਾਂ ਕਾਊਂਟਰਾਂ ਨੂੰ ਪਲੈਟਫਾਰਮ ਉਤੇ ਉਸ ਥਾਂ ਲਾਇਆ ਜਾਵੇਗਾ ਜਿੱਥੇ ਸਾਧਾਰਨ ਡੱਬੇ ਖੜ੍ਹੇ ਹੋਣਗੇ। ਭੋਜਨ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਵਰਗ ਵਿਚ 20 ਰੁਪਏ ਦੀ ਕੀਮਤ ’ਤੇ ਸੁੱਕੇ ਆਲੂਆਂ ਤੇ ਅਚਾਰ ਦੇ ਨਾਲ ਸੱਤ ਪੂੜੀਆਂ ਸ਼ਾਮਲ ਹਨ। ਦੂਜੀ ਸ਼੍ਰੇਣੀ ਵਿਚ ਭੋਜਨ ਦੀ ਕੀਮਤ 50 ਰੁਪਏ ਹੋਵੇਗੀ ਤੇ ਯਾਤਰੀਆਂ ਨੂੰ ਚੌਲ, ਰਾਜਮਾਂਹ, ਛੋਲੇ, ਖਿਚੜੀ ਕੁਲਚੇ, ਭਟੂਰੇ, ਪਾਵ-ਭਾਜੀ ਤੇ ਮਸਾਲਾ ਡੋਸਾ ਜਿਹੇ ਦੱਖਣ ਭਾਰਤੀ ਭੋਜਨ ਦੀ ਪੇਸ਼ਕਸ਼ ਕੀਤੀ ਜਾਵੇਗੀ। ਰੇਲਵੇ ਪਲੈਟਫਾਰਮ ’ਤੇ ਇਸ ਵਿਸਤਾਰਤ ਸੇਵਾ ਕਾਊਂਟਰ ਦਾ ਪ੍ਰਬੰਧ ਛੇ ਮਹੀਨਿਆਂ ਦੇ ਸਮੇਂ ਲਈ ਤਜਰਬੇ ਦੇ ਅਧਾਰ ਉਤੇ ਕੀਤਾ ਗਿਆ ਹੈ। ਇਸ ਨੂੰ 51 ਸਟੇਸ਼ਨਾਂ ਉਤੇ ਲਾਗੂ ਕੀਤਾ ਗਿਆ ਹੈ ਤੇ ਭਲਕ ਤੋਂ ਇਹ 13 ਹੋਰ ਸਟੇਸ਼ਨਾਂ ਉਤੇ ਲਾਗੂ ਹੋਵੇਗਾ। -ਪੀਟੀਆਈ