ਰੇਲਵੇ ਵੱਲੋਂ ਤਿਓਹਾਰਾਂ ਦੌਰਾਨ ਟਿਕਟਾਂ ’ਤੇ 20 ਫ਼ੀਸਦ ਛੋਟ
ਰੇਲ ਮੰਤਰਾਲੇ ਨੇ ਅੱਜ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਤਹਿਤ ਇਕ ਰੇਲਗੱਡੀ ਰਾਹੀਂ 13 ਤੋਂ 26 ਅਕਤੂਬਰ ਵਿਚਾਲੇ ਯਾਤਰਾ ਅਤੇ 17 ਨਵੰਬਰ ਤੋਂ ਪਹਿਲੀ ਦਸਬੰਰ ਤੱਕ ਵਾਪਸੀ ਲਈ ਬੁੱਕ ਕੀਤੀਆਂ ਟਿਕਟਾਂ ’ਤੇ 20 ਫੀਸਦ ਦੀ ਛੋਟ ਦਿੱਤੀ ਜਾਵੇਗੀ। ਇਹ ਛੋਟ 14 ਅਗਸਤ ਤੋਂ ਬੁੱਕ ਕੀਤੀਆਂ ਗਈਆਂ ਟਿਕਟਾਂ ’ਤੇ ਲਾਗੂ ਹੋਵੇਗੀ। ਇਹ ਛੋਟ ਰਾਜਧਾਨੀ, ਸ਼ਤਾਬਦੀ, ਦੁਰੰਤੋ ਵਰਗੀਆਂ ਰੇਲਗੱਡੀਆਂ ’ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਵਿੱਚ ਕਿਰਾਏ ਵਿੱਚ ਮੰਗ ਦੇ ਆਧਾਰ ’ਤੇ ਵਾਧਾ ਹੁੰਦਾ ਹੈ। ਰੇਲ ਮੰਤਰਾਲੇ ਦੇ ਬਿਆਨ ਮੁਤਾਬਕ, ‘‘ਏਆਰਪੀ (ਐਡਵਾਂਸ ਰਿਜ਼ਰਵੇਸ਼ਨ ਸਮਾਂ) 13 ਅਕਤੂਬਰ 2025 ਲਈ ਬੁਕਿੰਗ ਸ਼ੁਰੂ ਹੋਣ ਦੀ ਤਰੀਕ 14 ਅਗਸਤ ਹੋਵੇਗੀ।’’ ਇਸ ਵਿੱਚ ਕਿਹਾ ਗਿਆ ਹੈ, ‘‘ਯਾਤਰਾ ਦੀ ਸ਼ੁਰੂਆਤ ਦੀ ਟਿਕਟ ਪਹਿਲਾਂ 13 ਅਕਤੂਬਰ ਅਤੇ 26 ਅਕਤੂਬਰ ਵਿਚਾਲੇ ਰੇਲ ਸ਼ੁਰੂ ਹੋਣ ਦੀ ਤਰੀਕ ਲਈ ਬੁੱਕ ਕੀਤੀ ਜਾਵੇਗੀ ਅਤੇ ਬਾਅਦ ਵਿੱਚ 17 ਨਵੰਬਰ ਅਤੇ ਪਹਿਲੀ ਦਸੰਬਰ ਵਿਚਾਲੇ ਰੇਲਾਂ ਸ਼ੁਰੂ ਹੋਣ ਦੀ ਤਰੀਕ ਵਾਸਤੇ ਕੁਨੈਕਟਿੰਗ ਯਾਤਰਾ ਸਹੂਲਤ ਦਾ ਇਸਤੇਮਾਲ ਕਰ ਕੇ ਵਾਪਸੀ ਯਾਤਰਾ ਟਿਕਟ ਬੁਕ ਕੀਤੀ ਜਾਵੇਗੀ।’’