ਕਸ਼ਮੀਰ ਟਾਈਮਜ਼ ਦੇ ਜੰਮੂ ਦਫ਼ਤਰ ’ਤੇ ਛਾਪੇਮਾਰੀ, ਏ ਕੇ ਰਾਈਫਲਾਂ ਦੇ ਕਾਰਤੂਸ ਬਰਾਮਦ
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਾਸ਼ਨ ਅਤੇ ਇਸ ਦੇ ਪ੍ਰਮੋਟਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਐੱਸ ਆਈ ਏ ਦੇ ਅਧਿਕਾਰੀਆਂ ਨੇ ਅਖਬਾਰ ਦੇ ਅਹਾਤੇ ਅਤੇ ਕੰਪਿਊਟਰਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਐੱਸ ਆਈ ਏ ਨੇ ਹੋਰ ਵਸਤਾਂ ਦੇ ਨਾਲ ਏ ਕੇ ਰਾਈਫਲਾਂ ਦੇ ਕਾਰਤੂਸ, ਪਿਸਤੌਲ ਦੇ ਕੁਝ ਰਾਊਂਡ ਅਤੇ ਹੈਂਡ ਗਰਨੇਡ ਦੀਆਂ ਪਿੰਨਾਂ ਜ਼ਬਤ ਕੀਤੀਆਂ।
ਉਨ੍ਹਾਂ ਦੱਸਿਆ ਕਿ ਪ੍ਰਕਾਸ਼ਨ ਦੇ ਪ੍ਰਮੋਟਰਾਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਛਾਪੇਮਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਕਾਰਵਾਈ ਸਿਰਫ ਉਨ੍ਹਾਂ ਮਾਮਲਿਆਂ ਵਿੱਚ ਹੋਣੀ ਚਾਹੀਦੀ ਹੈ ਜਿੱਥੇ ਗਲਤ ਕੰਮ ਸਥਾਪਿਤ ਹੋਵੇ, ਨਾ ਕਿ ਦਬਾਅ ਬਣਾਉਣ ਦੇ ਇਰਾਦੇ ਨਾਲ।
ਚੌਧਰੀ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘ਜੇਕਰ ਉਨ੍ਹਾਂ ਨੇ ਕੁਝ ਗਲਤ ਕੀਤਾ ਹੈ, ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ... ਜੇਕਰ ਤੁਸੀਂ ਇਹ ਸਿਰਫ਼ ਦਬਾਅ (ਬਣਾਉਣ) ਲਈ ਕਰਦੇ ਹੋ, ਤਾਂ ਇਹ ਗਲਤ ਹੋਵੇਗਾ।’’
ਆਜ਼ਾਦ ਪੱਤਰਕਾਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼: ਕਸ਼ਮੀਰ ਟਾਈਮਜ਼
ਕਸ਼ਮੀਰ ਟਾਈਮਜ਼ ਪ੍ਰਬੰਧਨ ਨੇ ਵੀਰਵਾਰ ਨੂੰ ਆਪਣੇ ਜੰਮੂ ਦਫ਼ਤਰ ’ਤੇ ਹੋਏ ਕਥਿਤ ਛਾਪਿਆਂ ਦੀ ਸਖ਼ਤ ਆਲੋਚਨਾ ਕਰਦਿਆਂ ਸੂਬੇ ਲਈ ਨੁਕਸਾਨਦੇਹ ਗਤੀਵਿਧੀਆਂ ਦੇ ਦੋਸ਼ਾਂ ਨੂੰ ਇੱਕ ਆਜ਼ਾਦ ਮੀਡੀਆ ਸੰਸਥਾ ਨੂੰ ਦਬਾਉਣ ਦੀ ਇੱਕ ਤਾਲਮੇਲ ਕੋਸ਼ਿਸ਼ ਕਰਾਰ ਦਿੱਤਾ ਹੈ।
ਜੰਮੂ-ਕਸ਼ਮੀਰ ਪੁਲੀਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ (SIA) ਨੇ ਵੀਰਵਾਰ ਨੂੰ ਕਸ਼ਮੀਰ ਟਾਈਮਜ਼ ਦੇ ਦਫ਼ਤਰ ’ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਕਥਿਤ ਤੌਰ ’ਤੇ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਛਾਪਾ ਮਾਰਿਆ ਅਤੇ ਹੋਰ ਚੀਜ਼ਾਂ ਦੇ ਨਾਲ ਏਕੇ ਰਾਈਫਲਾਂ ਦੇ ਕਾਰਤੂਸ ਅਤੇ ਪਿਸਤੌਲ ਦੇ ਕੁਝ ਰੌਂਦ ਬਰਾਮਦ ਕੀਤੇ।
ਸੋਸ਼ਲ ਮੀਡੀਆ ’ਤੇ ਜਾਰੀ ਇੱਕ ਸਾਂਝੇ ਬਿਆਨ ਵਿੱਚ ਸੰਪਾਦਕ ਪ੍ਰਬੋਧ ਜਮਵਾਲ ਅਤੇ ਅਨੁਰਾਧਾ ਭਸੀਨ ਨੇ ਕਿਹਾ, "ਸਾਡੇ ਜੰਮੂ ਦਫ਼ਤਰ ’ਤੇ ਕਥਿਤ ਛਾਪੇ, ਰਾਜ ਲਈ ਨੁਕਸਾਨਦੇਹ ਗਤੀਵਿਧੀਆਂ ਦੇ ਬੇਬੁਨਿਆਦ ਦੋਸ਼ ਅਤੇ ਕਸ਼ਮੀਰ ਟਾਈਮਜ਼ 'ਤੇ ਤਾਲਮੇਲ ਵਾਲੀ ਕਾਰਵਾਈ ਸਾਨੂੰ ਚੁੱਪ ਕਰਾਉਣ ਦੀ ਇੱਕ ਹੋਰ ਕੋਸ਼ਿਸ਼ ਹੈ।"
ਉਨ੍ਹਾਂ ਕਿਹਾ, “ਸਰਕਾਰ ਦੀ ਆਲੋਚਨਾ ਕਰਨਾ ਸੂਬੇ ਲਈ ਨੁਕਸਾਨਦੇਹ ਹੋਣ ਦੇ ਬਰਾਬਰ ਨਹੀਂ ਹੈ। ਅਸਲ ਵਿੱਚ, ਇਹ ਬਿਲਕੁਲ ਉਲਟ ਹੈ। ਇੱਕ ਮਜ਼ਬੂਤ ਸਵਾਲ ਕਰਨ ਵਾਲੀ ਪ੍ਰੈੱਸ ਇੱਕ ਸਿਹਤਮੰਦ ਲੋਕਤੰਤਰ ਲਈ ਜ਼ਰੂਰੀ ਹੈ। ਸੱਤਾ ਨੂੰ ਜਵਾਬਦੇਹ ਬਣਾਉਣ, ਭ੍ਰਿਸ਼ਟਾਚਾਰ ਦੀ ਜਾਂਚ ਕਰਨ, ਹਾਸ਼ੀਏ 'ਤੇ ਪਏ ਲੋਕਾਂ ਦੀ ਆਵਾਜ਼ ਨੂੰ ਉੱਚਾ ਚੁੱਕਣ ਦਾ ਸਾਡਾ ਕੰਮ ਸਾਡੇ ਦੇਸ਼ ਨੂੰ ਮਜ਼ਬੂਤ ਕਰਦਾ ਹੈ। ਇਹ ਇਸ ਨੂੰ ਕਮਜ਼ੋਰ ਨਹੀਂ ਕਰਦਾ।’’
ਦੋਸ਼ਾਂ ਨੂੰ "ਡਰਾਉਣ ਦੀ ਚਾਲ" ਕਰਾਰ ਦਿੰਦੇ ਹੋਏ, ਸੰਪਾਦਕਾਂ ਨੇ ਕਿਹਾ, ‘‘ਸਾਡੇ 'ਤੇ ਲਗਾਏ ਗਏ ਦੋਸ਼ ਡਰਾਉਣ, ਗੈਰ-ਕਾਨੂੰਨੀ ਠਹਿਰਾਉਣ ਅਤੇ ਅੰਤ ਵਿੱਚ ਚੁੱਪ ਕਰਾਉਣ ਲਈ ਤਿਆਰ ਕੀਤੇ ਗਏ ਹਨ। ਅਸੀਂ ਚੁੱਪ ਨਹੀਂ ਹੋਵਾਂਗੇ।’’
