ਰਾਹੁਲ ਦੀ ਬਿਹਾਰ ’ਚ ‘ਮਤਦਾਤਾ ਅਧਿਕਾਰ ਯਾਤਰਾ’ 17 ਤੋਂ
ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਭਾਜਪਾ ਦੇ ਟਾਕਰੇ ਲਈ 17 ਅਗਸਤ ਤੋਂ ਬਿਹਾਰ ’ਚ ‘ਮਤਦਾਤਾ ਅਧਿਕਾਰ ਯਾਤਰਾ’ ਕੱਢੀ ਜਾਵੇਗੀ। ਯਾਤਰਾ ਦੌਰਾਨ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਮੌਜੂਦ ਰਹਿਣਗੇ। ਰਾਹੁਲ ਵੱਲੋਂ ਚੋਣ ਕਮਿਸ਼ਨ ਅਤੇ ਭਾਜਪਾ ’ਤੇ ‘ਵੋਟ ਚੋਰੀ’ ਦੇ ਲਾਏ ਗਏ ਦੋਸ਼ਾਂ ਦਰਮਿਆਨ ਇਹ ਯਾਤਰਾ ਅਹਿਮ ਹੈ। ਇਸ ਯਾਤਰਾ ਦੀ ਸ਼ੁਰੂਆਤ ਬਿਹਾਰ ਦੇ ਸਾਸਾਰਾਮ ਤੋਂ ਹੋਵੇਗੀ ਜੋ ਰਾਜਾ ਹਰੀਸ਼ਚੰਦਰ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੂੰ ਸਚਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸੂਤਰਾਂ ਨੇ ਕਿਹਾ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠਲੀ ਯਾਤਰਾ 20 ਅਗਸਤ ਨੂੰ ਗਯਾ ਪਹੁੰਚੇਗੀ। ਯਾਤਰਾ ਦਾ ਪਹਿਲਾ ਪੜਾਅ ਪਟਨਾ ’ਚ ਇਕ ਸਤੰਬਰ ਨੂੰ ਮੁਕੰਮਲ ਹੋਵੇਗਾ ਜਿਸ ’ਚ ‘ਇੰਡੀਆ’ ਗੱਠਜੋੜ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਰੈਲੀ ਕਰਕੇ ਭਾਜਪਾ ਖ਼ਿਲਾਫ਼ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਜਾਵੇਗਾ। ਪਹਿਲੇ ਪੜਾਅ ਦੌਰਾਨ ਬਿਹਾਰ ਦੇ 100 ਵਿਧਾਨ ਸਭਾ ਹਲਕਿਆਂ ’ਚੋਂ ਯਾਤਰਾ ਗੁਜ਼ਰੇਗੀ। ਇਸ ਤੋਂ ਪਹਿਲਾਂ ਯਾਤਰਾ ਰੱਖੜੀ ਤੋਂ ਤੁਰੰਤ ਬਾਅਦ ਸ਼ੁਰੂ ਹੋਣੀ ਸੀ ਪਰ ਜੇਐੱਮਐੱਮ ਸੁਪਰੀਮੋ ਅਤੇ ਕਬਾਇਲੀ ਨੇਤਾ ਸ਼ਿਬੂ ਸੋਰੇਨ ਦੇ ਦੇਹਾਂਤ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।