ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ, ਹੜ੍ਹਾਂ ਦੇ ਝੰਬੇ ਪੰਜਾਬ ਲਈ 20,000 ਕਰੋੜ ਦੀ ਰਾਹਤ ਮੰਗੀ
ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੇਂਦਰ ਦੇ 1,600 ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ‘ਬਹੁਤ ਵੱਡਾ ਅਨਿਆਂ’ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿਚ ਪੰਜਾਬ ਲਈ ਘੱਟੋ-ਘੱਟ 20,000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੰਗੀ ਹੈ। ਗਾਂਧੀ ਨੇ ਸਖ਼ਤ ਸ਼ਬਦਾਂ ਵਾਲੇ ਪੱਤਰ ਵਿੱਚ ਆਪਣੀ ਹਾਲੀਆ ਪੰਜਾਬ ਫੇਰੀ ਦੌਰਾਨ ਦੇਖੀ ਗਈ ਤਬਾਹੀ ਨੂੰ ‘ਹੈਰਾਨ ਕਰਨ ਵਾਲੀ’ ਦੱਸਿਆ। ਪੱਤਰ ਵਿਚ ਚਾਰ ਲੱਖ ਏਕੜ ਤੋਂ ਵੱਧ ਝੋਨੇ ਦੀ ਫਸਲ ਦੇ ਨੁਕਸਾਨ, 10 ਲੱਖ ਤੋਂ ਵੱਧ ਜਾਨਵਰਾਂ ਦੀ ਮੌਤ ਅਤੇ ਲੱਖਾਂ ਪਰਿਵਾਰਾਂ ਦੇ ਉਜਾੜੇ ਦਾ ਹਵਾਲਾ ਦਿੱਤਾ ਗਿਆ ਹੈ। ਗਾਂਧੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਲੋਕ ਹਾਸ਼ੀਏ ’ਤੇ ਧੱਕੇ ਭਾਈਚਾਰਿਆਂ ਦੇ ਸਨ।
ਉਨ੍ਹਾਂ ਕਿਹਾ ਕਿ ਤਬਾਹੀ ਇੰਨੇ ਵੱਡੇ ਪੈਮਾਨੇ ’ਤੇ ਹੋਈ ਹੈ ਕਿ ਪਿੰਡਾਂ ਦੇ ਪਿੰਡ ਇਕ ਦੂਜੇ ਨਾਲੋਂ ਕੱਟੇ ਗਏ ਹਨ ਅਤੇ ਖੇਤੀਬਾੜੀ ਜ਼ਮੀਨ ਖੇਤੀਯੋਗ ਨਹੀਂ ਰਹੀ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਲਈ ਕੇਂਦਰ ਸਰਕਾਰ ਤੋਂ ਬਹੁਤ ਦਲੇਰਾਨਾ ਪ੍ਰਤੀਕਿਰਿਆ ਦੀ ਲੋੜ ਹੈ। ਗਾਂਧੀ ਨੇ ਲਿਖਿਆ, ‘‘ਹੜ੍ਹ ਨੇ ਨੇੜ ਭਵਿੱਖ ਵਿੱਚ ਜ਼ਮੀਨ ਦੇ ਵੱਡੇ ਹਿੱਸੇ ਨੂੰ ਖੇਤੀਯੋਗ ਨਹੀਂ ਰਹਿਣ ਦਿੱਤਾ ਹੈ। ਅਜੇ ਵੀ ਹਜ਼ਾਰਾਂ ਏਕੜ ਜ਼ਮੀਨ ਪਾਣੀ ਵਿੱਚ ਡੁੱਬੀ ਹੋਈ ਹੈ ਤੇ ਪਿੰਡਾਂ ਦੇ ਇਕ ਦੂਜੇ ਨਾਲੋਂ ਸੰਪਰਕ ਕੱਟੇ ਹੋਏ ਹਨ।’’
ਗਾਂਧੀ ਨੇ ਪੱਤਰ ਵਿਚ ਪੰਜਾਬ ਦੇ ਲੋਕਾਂ ਦੇ ਵੱਡੇ ਦਿਲ ਤੇ ਹੌਸਲੇ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਭਾਈਚਾਰਿਆਂ ਨੇ ‘ਆਪਣੇ ਘਰ ਅਜਨਬੀਆਂ ਲਈ ਖੋਲ੍ਹ ਦਿੱਤੇ ਅਤੇ ਜੋ ਕੁਝ ਵੀ ਉਨ੍ਹਾਂ ਕੋਲ ਸੀ ਉਸ ਨੂੰ ਸਾਂਝਾ ਕੀਤਾ।’’ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਦਰਿਆਦਿਲੀ ਅਕਸਰ ‘ਬਹੁਤ ਵੱਡਾ ਨਿੱਜੀ ਜੋਖਮ’ ਪਿੰਡੇ ’ਤੇ ਹੰਢਾਉਣ ਮਗਰੋਂ ਸਾਹਮਣੇ ਆਉਂਦਾ ਹੈ ਤੇ ਤਰਾਸਦੀ ਵਿਚ ਮਨੁੱਖਤਾ ਦੇ ਸਭ ਤੋਂ ਵਧੀਆ ਰੂਪ ਨੂੰ ਦਰਸਾਉਂਦੀ ਹੈ।
ਕੇਂਦਰ ਵੱਲੋਂ ਪੰਜਾਬ ਲਈ ਐਲਾਨੇ ਰਾਹਤ ਪੈਕੇਜ ਦੀ ਆਲੋਚਨਾ ਕਰਦੇ ਹੋਏ, ਗਾਂਧੀ ਨੇ ਦਲੀਲ ਦਿੱਤੀ ਕਿ ਨੁਕਸਾਨ ਬਹੁਤ ਜ਼ਿਆਦਾ ਸੀ। ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਵੱਲੋਂ ਐਲਾਨੀ ਗਈ 1,600 ਕਰੋੜ ਰੁਪਏ ਦੀ ਸ਼ੁਰੂਆਤੀ ਰਾਹਤ ਪੰਜਾਬ ਦੇ ਲੋਕਾਂ ਨਾਲ ਵੱਡੀ ਬੇਇਨਸਾਫ਼ੀ ਹੈ। ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਸੂਬੇ ਨੂੰ ਘੱਟੋ-ਘੱਟ 20,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਸੰਕਟ ਕੇਂਦਰ ਕੋਲੋਂ ਇੱਕ ਦਲੇਰਾਨਾ ਜਵਾਬ ਦੀ ਮੰਗ ਕਰਦਾ ਹੈ। ਮੈਂ ਸਰਕਾਰ ਨੂੰ ਨੁਕਸਾਨ ਦਾ ਜਲਦੀ ਮੁਲਾਂਕਣ ਕਰਨ ਅਤੇ ਇੱਕ ਵਿਆਪਕ ਰਾਹਤ ਪੈਕੇਜ ਪ੍ਰਦਾਨ ਕਰਨ ਦੀ ਬੇਨਤੀ ਕਰਦਾ ਹਾਂ।’’
ਗਾਂਧੀ ਨੇ ਅਪੀਲਨੁਮਾ ਪੱਤਰ ਦੇ ਅਖੀਰ ਵਿਚ ਕਿਹਾ ਕਿ ਪੰਜਾਬ ‘ਮੁੜ ਉੱਠੇਗਾ’। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋੜ ਦੀ ਇਸ ਘੜੀ ਵਿੱਚ ‘ਸਾਨੂੰ ਪੰਜਾਬ ਦੇ ਹਰ ਕਿਸਾਨ, ਹਰ ਸਿਪਾਹੀ ਅਤੇ ਹਰ ਪਰਿਵਾਰ ਨੂੰ ਭਰੋਸਾ ਦਿਵਾਉਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਨਾਲ ਖੜ੍ਹਾ ਹੈ। ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਭਵਿੱਖ ਮੁੜ ਬਣਾਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨੀ ਚਾਹੀਦੀ ਹੈ।’’