ਰਾਹੁਲ ਗਾਂਧੀ ਅੱਜ ਜ਼ੂਬਿਨ ਨੂੰ ਸ਼ਰਧਾਂਜਲੀ ਭੇਟ ਕਰਨਗੇ
ਕਾਂਗਰਸੀ ਆਗੂ ਰਾਹੁਲ ਗਾਂਧੀ 17 ਅਕਤੂਬਰ ਨੂੰ ਗੁਹਾਟੀ ਆਉਣਗੇ ਤੇ ਮਰਹੂਮ ਗਾਇਕ ਜ਼ੂਬਿਨ ਗਰਗ ਨੂੰ ਸ਼ਰਧਾਂਜਲੀ ਭੇਟ ਕਰਨਗੇ। ਜ਼ੂਬਿਨ ਦੀ 19 ਸਤੰਬਰ ਨੂੰ ਸਿੰਗਾਪੁਰ ’ਚ ਮੌਤ ਹੋ ਗਈ ਸੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਸ਼ੁੱਕਰਵਾਰ ਦੁਪਹਿਰ ਨੂੰ ਇੱਥੇ ਪਹੁੰਚਣ ਦਾ ਪ੍ਰੋਗਰਾਮ ਹੈ। ਦੂਜੇ ਪਾਸੇ ਅਸਾਮ ਦੇ ਮੁੱਖ ਮੰਤਰੀ ਹਿਮੰਤਾ ਸਰਮਾ ਬਿਸਵਾ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਜ਼ੂਬਿਨ ਗਰਗ ਦੀ ਮੌਤ ਦੇ 28 ਦਿਨਾਂ ਬਾਅਦ ਸ਼ਰਧਾਂਜਲੀ ਦੇਣ ਲਈ ਹੋ ਰਹੇ ਦੌਰੇ ਨੂੰ ‘ਦੇਰ ਆਇਦ ਦਰੁਸਤ ਆਇਦ’ ਕਰਾਰ ਦਿੱਤਾ। ਉਨ੍ਹਾਂ ਨੇ ਇਹ ਟਿੱਪਣੀ ਬਕਸਾ ਜ਼ਿਲ੍ਹਾ ਜੇਲ੍ਹ ਅੱਗੇ ਮੁਲਜ਼ਮਾਂ ਨੂੰ ਲਿਆ ਰਹੇ ਪੁਲੀਸ ਵਾਹਨਾਂ ’ਤੇ ਭੀੜ ਵੱਲੋਂ ਲੰਘੇ ਹਮਲਾ ਕਰਨ ਤੋਂ ਬਾਅਦ ਕੀਤੀ ਹੈ। ਸਰਮਾ ਨੇ ਆਖਿਆ ਕਿ ਜੇਲ੍ਹ ਦੇ ਬਾਹਰ ਹਿੰਸਾ ’ਚ ਸ਼ਾਮਲ ਨੌਂ ਜਣਿਆਂ ਦੀ ਪਛਾਣ ਕਰ ਲਈ ਗਈ ਹੈ ਤੇ ਬਾਕੀਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਅੱਜ ਕਿਹਾ ਕਿ ਹਿੰਸਾ ਪ੍ਰਭਾਵਿਤ ਜ਼ਿਲ੍ਹੇ ’ਚ ਸਥਿਤੀ ਫਿਲਹਾਲ ਕਾਬੂ ਹੇਠ ਹੈ। ਕਾਫ਼ਲੇ ’ਤੇ ਹਮਲੇ ਦੇ ਸਬੰਧ ’ਚ ਪੁਲੀਸ ਨੇ ਦਸ ਤੋਂ ਵੱਧ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਇਸੇ ਦੌਰਾਨ ਜ਼ੂਬਿਨ ਗਰਗ ਦੇ ਸਨਮਾਨ ਵਜੋਂ ਬ੍ਰਹਮਪੁੱਤਰ ਵੈੱਲੀ ਫ਼ਿਲਮ ਫੈਸਟੀਵਲ (ਬੀ ਵੀ ਐੱਫ ਐੱਫ) ਦਾ 10ਵਾ ਐਡੀਸ਼ਨ ਮੁਲਤਵੀ ਕਰ ਦਿੱਤਾ ਗਿਆ ਹੈ।