ਰਾਹੁਲ ਗਾਂਧੀ ਬਨਾਮ ਚੋਣ ਕਮਿਸ਼ਨ: ਕਾਂਗਰਸ ਵੱਲੋਂ ਵੈੱਬ ਪੇਜ ਸ਼ੁਰੂ; ਚੋਣ ਕਮਿਸ਼ਨ ਦੀ ਜਵਾਬਦੇਹੀ ਲਈ ਮੰਗੀ ਹਮਾਇਤ
Rahul Gandhi vs EC ਚੋਣਾਂ ਵਿਚ ਹੇਰਾਫੇਰੀ ਦੇ ਰਾਹੁਲ ਗਾਂਧੀ ਦੇ ਦਾਅਵਿਆਂ ਬਾਰੇ ਵਧਦੇ ਵਿਵਾਦ ਦਰਮਿਆਨ ਕਾਂਗਰਸ ਨੇ ਹੁਣ ‘ਵੈੱਬ ਪੇਜ’ ਸ਼ੁਰੂ ਕੀਤਾ ਹੈ। ਲੋਕ ਇਸ ਵੈੱਬ ਪੇਜ ’ਤੇ ਜਾ ਕੇ ਕਥਿਤ ‘ਵੋਟ ਚੋਰੀ’ ਖਿਲਾਫ਼ ਚੋਣ ਕਮਿਸ਼ਨ ਤੋਂ ਜਵਾਬਦੇਹੀ ਦੀ ਮੰਗ ਅਤੇ ਸਾਬਕਾ ਕਾਂਗਰਸ ਪ੍ਰਧਾਨ ਦੀ ਡਿਜੀਟਲ ਵੋਟਰ ਸੂਚੀ ਦੀ ਮੰਗ ਦੀ ਹਮਾਇਤ ਲਈ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਸਨ।
ਕੋਈ ਵੀ ਵਿਅਕਤੀ ਇਸ ਪੋਰਟਲ ਲਿੰਕ ’ਤੇ ਕਲਿੱਕ ਕਰਕੇ ‘ਵੋਟਰ ਚੋਰੀ ਦਾ ਸਬੂਤ, ਚੋਣ ਕਮਿਸ਼ਨ ਤੋਂ ਜਵਾਬਦੇਹੀ ਦੀ ਮੰਗ ਤੇ ਵੋਟ ਚੋਰੀ ਦੀ ਰਿਪੋਰਟ’ ਡਾਊਨਲੋਡ ਕਰ ਸਕਦਾ ਹੈ। ਇਸ ਵੈੱਬ ਪੇਜ ’ਤੇ ਗਾਂਧੀ ਦਾ ਇਕ ਵੀਡੀਓ ਵੀ ਹੈ ਜਿਸ ਵਿਚ ਉਹ ਭਾਜਪਾ ਤੇ ਚੋਣ ਕਮਿਸ਼ਨ ਵਿਚਾਲੇ ਮਿਲੀਭੁਗਤ ਨਾਲ ਚੋਣਾਂ ਵਿਚ ‘ਵੱਡੀ ਅਪਰਾਧਿਕ ਹੇਰਾਫੇਰੀ’ ਦੇ ਆਪਣੇ ਵਿਸਫੋਟਕ ਦਾਅਵਿਆਂ ਨੂੰ ਦੁਹਰਾਉਂਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਕਰਨਾਟਕ ਦੇ ਇਕ ਅਸੈਂਬਲੀ ਹਲਕੇ ਮਹਾਦੇਵਪੁਰਾ ਦੀ ਸਮੀਖਿਆ ਦਾ ਹਵਾਲਾ ਦਿੰਦੇ ਹੋਏ ਇਸ ਨੂੰ ‘ਸੰਵਿਧਾਨ ਖਿਲਾਫ਼ ਅਪਰਾਧ’ ਦੱਸਿਆ ਹੈ। ਪੋਰਟਲ ’ਤੇ ਇਕ ਸੰਦੇਸ਼ ਵੀ ਜਿਸ ਵਿਚ ਕਿਹਾ ਗਿਆ ਹੈ, ‘‘ਵੋਟ ਸਾਡੀ ਜਮਹੂਰੀਅਤ ਦੀ ਨੀਂਹ ਹੈ, ਪਰ ਭਾਜਪਾ ਵੱਲੋਂ ਇਸ ’ਤੇ ਗਿਣਮਿੱਥ ਕੇ ਹਮਲਾ ਕੀਤਾ ਜਾ ਰਿਹਾ ਹੈ, ਜਿਸ ਵਿਚ ਚੋਣ ਕਮਿਸ਼ਨ ਵੀ ਸ਼ਾਮਲ ਹੈ।’’
ਸੰਦੇਸ਼ ਵਿਚ ਕਿਹਾ ਗਿਆ ਹੈ, ‘‘ਬੰਗਲੂਰੂ ਕੇਂਦਰੀ ਦੇ ਸਿਰਫ਼ ਇਕ ਵਿਧਾਨ ਸਭਾ ਹਲਕੇ ਵਿਚ ਸਾਨੂੰ ਇਕ ਲੱਖ ਤੋਂ ਵੱਧ ਫਰਜ਼ੀ ਵੋਟਰ ਮਿਲੇ, ਜਿਨ੍ਹਾਂ ਭਾਜਪਾ ਨੂੰ ਇਕ ਲੋਕ ਸਭਾ ਸੀਟ ਜਿੱਤਣ ਵਿਚ ਮਦਦ ਕੀਤੀ। ਸੋਚ ਕੇ ਦੇਖੋ ਕਿ ਜੇਕਰ ਅਜਿਹਾ 70 ਤੋਂ 100 ਸੀਟਾਂ ’ਤੇ ਹੋ ਰਿਹਾ ਹੈ ਤਾਂ ਇਹ ਨਿਰਪੱਖ ਚੋਣਾਂ ਦੇ ਆਸੇ ਨੂੰ ਖ਼ਤਮ ਕਰ ਦੇਵੇਗਾ।’’
ਪੋਰਟਲ ’ਤੇ ਲਿਖੇ ਸੰਦੇਸ਼ ਮੁਤਾਬਕ, ‘‘ਕਾਂਗਰਸ ਤੇ ਵਿਰੋਧੀ ਧਿਰਾਂ ਦੇ ‘ਇੰਡੀਆ’ ਗੱਠਜੋੜ ਨੇ ਮਹਾਰਾਸ਼ਟਰ ਸਣੇ ਹੋਰਨਾਂ ਖੇਤਰਾਂ ਨੂੰ ਲੈ ਕੇ ਪਹਿਲਾਂ ਹੀ ਫ਼ਿਕਰ ਜਤਾਇਆ ਹੈ। ਹੁਣ ਸਾਡੇ ਕੋਲ ਸਬੂਤ ਹਨ। ਅਸੀਂ ਇਸ ਵੋਟ ਚੋਰੀ ਖਿਲਾਫ਼ ਪੂਰੀ ਤਾਕਤ ਨਾਲ ਲੜਾਂਗੇ। ਸਾਡੇ ਲੋਕਤੰਤਰ ਨੂੰ ਬਚਾਉਣ ਲਈ ਸਾਡੇ ਨਾਲ ਜੁੜੋ।’’
ਇਸ ਵਿਚ ਲਿਖਿਆ ਹੈ ਕਿ ਜੇਕਰ ਕੋਈ ਵਿਅਕਤੀ ਇਕ ਵਾਰ ਰਜਿਸਟਰੇਸ਼ਨ ਕਰਵਾ ਲੈਂਦਾ ਹੈ, ਤਾਂ ਉਸ ਦੇ ਨਾਂ ’ਤੇ ਇਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਵਿਚ ਲਿਖਿਆ ਹੋਵੇਗਾ ਕਿ ਉਹ ‘ਵੋਟ ਚੋਰੀ’ ਖ਼ਿਲਾਫ਼ ਹੈ। ਸਰਟੀਫਿਕੇਟ ਵਿਚ ਲਿਖਿਆ ਹੈੇ, ‘‘ਮੈਂ ਚੋਣ ਕਮਿਸ਼ਨ ਤੋਂ ਡਿਜੀਟਲ ਵੋਟਰ ਸੂਚੀ ਦੀ ਰਾਹੁਲ ਗਾਂਧੀ ਦੀ ਮੰਗ ਦੀ ਹਮਾਇਤ ਕਰਦਾ ਹਾਂ।’’
ਇਹ ਪੋਰਟਲ ਲੋਕਾਂ ਨੂੰ ਫ਼ੋਨ ਰਾਹੀਂ ਅਤੇ SMS ਵਿੱਚ ਦਿੱਤੇ ਲਿੰਕ ਨੂੰ ਭਰ ਕੇ ਰਜਿਸਟਰ ਕਰਨ ਦਾ ਬਦਲ ਵੀ ਦਿੰਦਾ ਹੈ। ਸਰਟੀਫਿਕੇਟ ’ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਖਜ਼ਾਨਚੀ ਅਜੈ ਮਾਕਨ ਦੇ ਦਸਤਖਤ ਹਨ।
ਕਈ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਨੇ ਪੋਰਟਲ ’ਤੇ ਰਜਿਸਟਰ ਕੀਤਾ ਅਤੇ ਸਰਟੀਫਿਕੇਟ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ।
ਕਾਂਗਰਸੀ ਆਗੂਆਂ ਵੱਲੋਂ ਰਾਹੁਲ ਗਾਂਧੀ ਦੇ ‘ਵੋਟ ਚੋਰੀ’ ਦੇ ਦੋਸ਼ ਨੂੰ ਜ਼ੋਰਦਾਰ ਢੰਗ ਨਾਲ ਚੁੱਕਣ ਦਰਮਿਆਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇੱਕ ਵਾਰ ਫਿਰ ਵਿਰੋਧੀ ਧਿਰ ਦੇ ਆਗੂ ’ਤੇ ਦਬਾਅ ਪਾਇਆ ਕਿ ਉਹ ਜਾਂ ਤਾਂ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਇੱਕ ਘੋਸ਼ਣਾ ਪੱਤਰ ’ਤੇ ਦਸਤਖਤ ਕਰਨ ਜਾਂ ਫਰਜ਼ੀ ਦੋਸ਼ ਲਗਾਉਣ ਲਈ ਦੇਸ਼ ਤੋਂ ਮੁਆਫੀ ਮੰਗਣ।