ਰਾਹੁਲ ਹਲਫ਼ਨਾਮਾ ਦਾਖ਼ਲ ਕਰਨ ਜਾਂ ਮੁਆਫ਼ੀ ਮੰਗਣ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਕਿਹਾ ਕਿ ਜੇ ‘ਵੋਟ ਚੋਰੀ’ ਦੇ ਦੋਸ਼ ਸਹੀ ਹਨ ਤਾਂ ਉਹ ਹਲਫ਼ਨਾਮਾ ਦਾਖ਼ਲ ਕਰਕੇ ਵੋਟਰ ਸੂਚੀਆਂ ’ਚ ਸ਼ਾਮਲ ਗਲਤ ਅਤੇ ਕੱਟੇ ਹੋਏ ਨਾਵਾਂ ਦੇ ਵੇਰਵੇ ਸਾਂਝੇ ਕਰਨ, ਨਹੀਂ ਤਾਂ ਉਹ ਮੁਲਕ ਤੋਂ ਮੁਆਫ਼ੀ ਮੰਗਣ। ਕਮਿਸ਼ਨ ਨੇ ਇਹ ਵੀ ਦੋਸ਼ ਨਕਾਰੇ ਕਿ ਉਸ ਦੀਆਂ ਵੱਖ ਵੱਖ ਸੂਬਿਆਂ ’ਚ ਵੈੱਬਸਾਈਟਾਂ ਬੰਦ ਹਨ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਵੈੱਬਸਾਈਟਾਂ ਤੋਂ ਚੋਣ ਸੂਚੀਆਂ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਰਾਹੁਲ ਨੂੰ ਕਿਹਾ, ‘‘ਜੇ ਉਹ ਮੰਨਦੇ ਹਨ ਕਿ ਚੋਣ ਕਮਿਸ਼ਨ ਖ਼ਿਲਾਫ਼ ਉਨ੍ਹਾਂ ਦੇ ਦੋਸ਼ ਸਹੀ ਹਨ ਤਾਂ ਉਨ੍ਹਾਂ (ਰਾਹੁਲ) ਨੂੰ ਚੋਣ ਨੇਮਾਂ ਤਹਿਤ ਹਲਫ਼ਨਾਮੇ ’ਤੇ ਦਸਤਖ਼ਤ ਕਰਨ ’ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਜੇ ਰਾਹੁਲ ਗਾਂਧੀ ਹਲਫ਼ਨਾਮੇ ’ਤੇ ਦਸਤਖ਼ਤ ਨਹੀਂ ਕਰਦੇ ਹਨ ਤਾਂ ਇਸ ਦਾ ਮਤਲਬ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਅਧਿਐਨ ਤੇ ਉਸ ਦੇ ਨਿਕਲੇ ਸਿੱਟਿਆਂ ਅਤੇ ਬੇਤੁਕੇ ਦੋਸ਼ਾਂ ’ਤੇ ਯਕੀਨ ਨਹੀਂ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਰਾਹੁਲ ਨੂੰ ਮੁਲਕ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕਰਨਾਟਕ, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀਆਂ ਨੇ ਵੀਰਵਾਰ ਨੂੰ ਰਾਹੁਲ ਗਾਂਧੀ ਨੂੰ ਕਿਹਾ ਸੀ ਕਿ ਉਹ ਵੋਟਰ ਸੂਚੀ ’ਚੋਂ ਕੱਟੇ ਅਤੇ ਸ਼ਾਮਲ ਕੀਤੇ ਗਏ ਨਾਵਾਂ ਦੇ ਵੇਰਵੇ ਹਲਫ਼ਨਾਮੇ ਸਮੇਤ ਸਾਂਝੇ ਕਰਨ ਤਾਂ ਜੋ ਉਹ ਇਸ ਮਾਮਲੇ ’ਚ ਲੋੜੀਂਦੀ ਕਾਰਵਾਈ ਕਰ ਸਕਣ।