ਰਾਹੁਲ ਗਾਂਧੀ ਨੇ ਹਵਾ ਪ੍ਰਦੂਸ਼ਣ ਦਾ ਮੁੱਦਾ ਚੁੱਕਿਆ, ਲੋਕ ਸਭਾ ਵਿੱਚ ਚਰਚਾ ਦੀ ਮੰਗ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਪ੍ਰਮੁੱਖ ਸ਼ਹਿਰ ਜ਼ਹਿਰੀਲੀ ਹਵਾ ਦੀ ਚਾਦਰ ਹੇਠ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਲੋਕ ਸਭਾ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ। ਸਿਫਰ ਕਾਲ ਦੌਰਾਨ ਮੁੱਦਾ ਉਠਾਉਂਦੇ ਹੋਏ ਗਾਂਧੀ ਨੇ ਕਿਹਾ ਕਿ ਇਹ ਮੁੱਦਾ ਕੋਈ ਵਿਚਾਰਧਾਰਕ ਨਹੀਂ ਹੈ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਚਰਚਾ ਨੂੰ ਇਸ ਤਰ੍ਹਾਂ ਨਾਲ ਤਿਆਰ ਕਰੇ ਕਿ ਵਿਰੋਧੀ ਧਿਰ ਅਤੇ ਸਰਕਾਰੀ ਬੈਂਚ ਇੱਕ ਦੂਜੇ 'ਤੇ ਦੋਸ਼ ਲਗਾਉਣ ਦੀ ਬਜਾਏ ਸਮੱਸਿਆ ਦਾ ਹੱਲ ਲੱਭ ਸਕਣ।
ਗਾਂਧੀ ਨੇ ਕਿਹਾ, "ਸਾਨੂੰ ਸੰਸਦ ਵਿੱਚ ਇਸ ਬਾਰੇ ਵਿਸਥਾਰ ਨਾਲ ਚਰਚਾ ਕਰਨੀ ਚਾਹੀਦੀ ਹੈ ਅਤੇ ਪ੍ਰਧਾਨ ਮੰਤਰੀ ਨੂੰ ਹਰੇਕ ਸ਼ਹਿਰ ਲਈ ਇੱਕ ਵਿਧੀਗਤ, ਯੋਜਨਾਬੱਧ ਯੋਜਨਾ ਬਣਾਉਣੀ ਚਾਹੀਦੀ ਹੈ—ਇੱਕ ਅਜਿਹੀ ਯੋਜਨਾ ਜੋ ਅਗਲੇ 5 ਜਾਂ 10 ਸਾਲਾਂ ਵਿੱਚ, ਸਾਡੇ ਲੋਕਾਂ ਲਈ ਜੀਵਨ ਨੂੰ ਆਸਾਨ ਬਣਾ ਸਕੇ।’’
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਚਰਚਾ ਲਈ ਤਿਆਰ ਹੈ ਅਤੇ ਲੋਕ ਸਭਾ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਇਸ ਲਈ ਸਮਾਂ ਨਿਰਧਾਰਤ ਕਰ ਸਕਦੀ ਹੈ।
ਗਾਂਧੀ ਨੇ ਕਿਹਾ, "ਸਾਡੇ ਜ਼ਿਆਦਾਤਰ ਪ੍ਰਮੁੱਖ ਸ਼ਹਿਰ ਜ਼ਹਿਰੀਲੀ ਹਵਾ ਦੀ ਚਾਦਰ ਹੇਠ ਰਹਿ ਰਹੇ ਹਨ। ਲੱਖਾਂ ਬੱਚੇ ਫੇਫੜਿਆਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ। ਲੋਕ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ। ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।’’ -ਪੀਟੀਆਈ
