ਲੋਕ ਸਭਾ ਵਿੱਚ ਰਾਹੁਲ ਗਾਂਧੀ ਨੇ ‘ਅਪਰੇਸ਼ਨ ਸਿੰਧੂਰ’ ਪਿੱਛੇ ਸਿਆਸੀ ਇੱਛਾ ਸ਼ਕਤੀ ਬਾਰੇ ਸਵਾਲ ਚੁੱਕੇ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਰਕਾਰ ’ਤੇ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਸਮਰਥਨ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਘਾਟ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ ਇਸ ਨੇ ‘ਅਪਰੇਸ਼ਨ ਸਿੰਧੂਰ’ ਬਾਰੇ ਸੰਵੇਦਨਸ਼ੀਲ ਵੇਰਵੇ ਪਾਕਿਸਤਾਨ ਨੂੰ ਦੱਸੇ ਹਨ। ਲੋਕ ਸਭਾ ਵਿੱਚ ਬੋਲਦਿਆਂ ਉਨ੍ਹਾਂ ਨੇ ਹਮਲੇ ਦੇ ਜਵਾਬ ਵਿੱਚ ਸਰਕਾਰ ਦੀ ਫੌਜੀ ਕਾਰਵਾਈ ਦੀ ਤਿੱਖੀ ਅਲੋਚਨਾ ਕੀਤੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸਦਨ ਵਿੱਚ ਦਿੱਤੇ ਬਿਆਨਾਂ ਬਾਰੇ ਸਵਾਲ ਵੀ ਚੁੱਕੇ।
ਗਾਂਧੀ ਨੇ ਕਿਹਾ, ‘‘ਰਾਜਨਾਥ ਸਿੰਘ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਸਵੇਰੇ 1:05 ਵਜੇ ਸ਼ੁਰੂ ਹੋਇਆ ਅਤੇ 1:35 ਵਜੇ ਤੱਕ ਭਾਰਤ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਅਸੀਂ ਗੈਰ-ਸੈਨਿਕ ਨਿਸ਼ਾਨਿਆਂ ’ਤੇ ਹਮਲਾ ਕੀਤਾ ਹੈ ਅਤੇ ਅਸੀਂ ਸਥਿਤੀ ਨੂੰ ਵਧਾਉਣਾ ਨਹੀਂ ਚਾਹੁੰਦੇ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਇਹ ਮੇਰੇ ਸ਼ਬਦ ਨਹੀਂ ਹਨ। ਇਹ ਭਾਰਤ ਦੇ ਰੱਖਿਆ ਮੰਤਰੀ ਦੇ ਸ਼ਬਦ ਹਨ।’’
ਗਾਂਧੀ ਨੇ ਸਰਕਾਰ ’ਤੇ ਸੀਮਾਵਾਂ ਲਗਾ ਕੇ ਹਥਿਆਰਬੰਦ ਸੈਨਾਵਾਂ ਦੇ ਮਨੋਬਲ ਅਤੇ ਪ੍ਰਭਾਵ ਨੂੰ ਕਮਜ਼ੋਰ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘‘ਜੇ ਤੁਸੀਂ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ 100 ਫੀਸਦੀ ਸਿਆਸੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਤੁਹਾਨੂੰ ਉਨ੍ਹਾਂ ਨੂੰ ਕਾਰਵਾਈ ਦੀ ਪੂਰੀ ਆਜ਼ਾਦੀ ਦੇਣੀ ਚਾਹੀਦੀ ਹੈ।’’ ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਭਾਰਤੀ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼ (DGMO) ਨੂੰ ਸਰਕਾਰ ਵੱਲੋਂ ਆਪਰੇਸ਼ਨ ਸ਼ੁਰੂ ਹੋਣ ਤੋਂ ਸਿਰਫ 30 ਮਿੰਟ ਬਾਅਦ ਜੰਗਬੰਦੀ ਦੀ ਮੰਗ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਗਾਂਧੀ ਨੇ ਕਿਹਾ, ‘‘ਰਾਤ ਨੂੰ 1:35 ਵਜੇ ਤੁਸੀਂ ਪਾਕਿਸਤਾਨ ਨੂੰ ਬਿਲਕੁਲ ਦੱਸ ਦਿੱਤਾ ਕਿ ਤੁਸੀਂ ਕੀ ਕਰਨ ਜਾ ਰਹੇ ਹੋ - ਕਿ ਅਸੀਂ ਸੈਨਿਕ ਨਿਸ਼ਾਨਿਆਂ 'ਤੇ ਹਮਲਾ ਨਹੀਂ ਕਰਾਂਗੇ, ਕਿ ਅਸੀਂ ਸਥਿਤੀ ਨੂੰ ਵਧਾਉਣਾ ਨਹੀਂ ਚਾਹੁੰਦੇ।" ਉਨ੍ਹਾਂ ਨੇ ਦੋਸ਼ ਲਗਾਇਆ, ‘‘ਤੁਸੀਂ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਆਪਣੀ ਸਿਆਸੀ ਇੱਛਾ ਸ਼ਕਤੀ ਦੱਸੀ, ਕਿ ਤੁਸੀਂ ਲੜਨਾ ਨਹੀਂ ਚਾਹੁੰਦੇ। ਇਹ ਕਾਰਵਾਈ ਦੀ ਆਜ਼ਾਦੀ ਨਹੀਂ ਹੈ; ਇਹ ਸਮਰਪਣ ਹੈ।’’
ਗਾਂਧੀ ਨੇ ਇਹ ਵੀ ਦਾਅਵਾ ਕੀਤਾ ਕਿ ਅਪਰੇਸ਼ਨ ਦੌਰਾਨ ਭਾਰਤੀ ਜਹਾਜ਼ਾਂ ਦਾ ਨੁਕਸਾਨ ਸਿਆਸੀ ਰੁਕਾਵਟਾਂ ਕਾਰਨ ਹੋਇਆ ਸੀ, ਨਾ ਕਿ ਫੌਜੀ ਕਮੀਆਂ ਕਾਰਨ। ਉਨ੍ਹਾਂ ਕਿਹਾ, ‘‘ਜਹਾਜ਼ ਇਸ ਲਈ ਗੁਆਚ ਗਏ ਕਿਉਂਕਿ ਸਿਆਸੀ ਲੀਡਰਸ਼ਿਪ ਨੇ ਪਾਕਿਸਤਾਨ ਵਿੱਚ ਫੌਜੀ ਅਤੇ ਹਵਾਈ ਰੱਖਿਆ ਬੁਨਿਆਦੀ ਢਾਂਚੇ ’ਤੇ ਹਮਲਾ ਨਾ ਕਰਨ ਦਾ ਫੈਸਲਾ ਕਰਕੇ ਹਥਿਆਰਬੰਦ ਸੈਨਾਵਾਂ ਦੇ ਹੱਥ ਬੰਨ੍ਹ ਦਿੱਤੇ ਸਨ।’’ ਗਾਂਧੀ ਨੇ ਸਰਕਾਰ ’ਤੇ ਹਮਲਾ ਕਰਨ ਲਈ ਇੰਡੋਨੇਸ਼ੀਆ ਵਿੱਚ ਭਾਰਤ ਦੇ ਰੱਖਿਆ ਅਟੈਚੀ (India's defence attache) ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਤੁਸੀਂ ਪਾਇਲਟਾਂ ਨੂੰ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀ _ਤੇ ਹਮਲਾ ਨਾ ਕਰਨ ਲਈ ਕਿਹਾ।