‘ਵੋਟਰ ਅਧਿਕਾਰ ਯਾਤਰਾ’ ਦੌਰਾਨ ਮੋਟਰਸਾਈਕਲ ਗੁਆਉਣ ਵਾਲੇ ਵਿਅਕਤੀ ਨੂੰ ਰਾਹੁਲ ਗਾਂਧੀ ਨੇ ਦਿੱਤਾ ਨਵਾਂ ਮੋਟਰਸਾਈਕਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਨਵਾਂ ਮੋਟਰਸਾਈਕਲ ਭੇਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇੱਕ ਵਿਅਕਤੀ ਦਾ ਦੋਪਹੀਆ ਵਾਹਨ 'ਵੋਟਰ ਅਧਿਕਾਰ ਯਾਤਰਾ' ਦੌਰਾਨ ਗੁਆਚ ਗਿਆ ਸੀ।
ਪਾਰਟੀ ਨੇ ਆਪਣੇ ਐਕਸ (X) ਹੈਂਡਲ 'ਤੇ ਸ਼ੁਭਮ ਸੌਰਭ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੀ ਕਹਾਣੀ ਸੁਣਾਉਂਦਾ ਹੋਇਆ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੱਲੋਂ ਦਿੱਤੇ ਗਏ ਮੋਟਰਸਾਈਕਲ ਦੀਆਂ ਚਾਬੀਆਂ ਨੂੰ ਮਾਣ ਨਾਲ ਦਿਖਾ ਰਿਹਾ ਸੀ।
ਸੌਰਭ ਨੇ ਕਿਹਾ, ‘‘ਜਦੋਂ ਰਾਹੁਲ ਗਾਂਧੀ ਨੇ ਦਰਭੰਗਾ ਵਿੱਚ ਇੱਕ ਬਾਈਕ ਰੈਲੀ ਕੱਢੀ ਸੀ, ਤਾਂ ਮੈਂ ਆਪਣੀ ਮੋਟਰਸਾਈਕਲ ਉਨ੍ਹਾਂ ਦੇ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਨੂੰ ਦਿੱਤੀ ਸੀ। ਬਾਅਦ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਬਾਈਕ ਗੁੰਮ ਹੋ ਗਈ ਹੈ ਤਾਂ ਮੈਂ ਬਹੁਤ ਪਰੇਸ਼ਾਨ ਸੀ।’’
ਉਸ ਨੇ ਅੱਗੇ ਕਿਹਾ, "ਦੋ ਦਿਨ ਪਹਿਲਾਂ, ਮੈਨੂੰ ਕਿਸੇ ਅਣਜਾਣ ਵਿਅਕਤੀ ਦਾ ਫੋਨ ਆਇਆ। ਉਸਨੇ ਕਿਹਾ ਕਿ ਰਾਹੁਲ ਗਾਂਧੀ 1 ਸਤੰਬਰ ਨੂੰ ਪਟਨਾ ਵਿੱਚ ਮੈਨੂੰ ਇੱਕ ਨਵੀਂ ਮੋਟਰਸਾਈਕਲ ਦੇਣਾ ਚਾਹੁੰਦੇ ਹਨ।’’
ਨੌਜਵਾਨ ਨੇ ਇਹ ਖ਼ਬਰ ਆਪਣੇ ਪਿਤਾ ਨਾਲ ਸਾਂਝੀ ਕੀਤੀ। ਹਾਲਾਂਕਿ ਸ਼ੁਰੂ ਵਿੱਚ ਉਨ੍ਹਾਂ ਦੋਵਾਂ ਨੂੰ ਵਿਸ਼ਵਾਸ ਨਹੀਂ ਹੋਇਆ, ਪਰ ਉਨ੍ਹਾਂ ਨੇ ਉਸ ਦਿਨ ਰਾਜਧਾਨੀ ਜਾਣ ਦਾ ਫੈਸਲਾ ਕੀਤਾ ਜਦੋਂ ਗਾਂਧੀ ਨੇ ਇੱਕ ਮਾਰਚ ਦੇ ਨਾਲ 'ਵੋਟਰ ਅਧਿਕਾਰ ਯਾਤਰਾ' ਸਮਾਪਤ ਕੀਤੀ। ਉਨ੍ਹਾਂ ਨੂੰ ਇਨਕਮ ਟੈਕਸ ਚੌਰਾਹੇ 'ਤੇ ਉਡੀਕ ਕਰਨ ਲਈ ਕਿਹਾ ਗਿਆ, ਜਿੱਥੇ ਰਾਹੁਲ ਗਾਂਧੀ ਮੈਦਾਨ ਜਾਂਦੇ ਸਮੇਂ, ਨੌਜਵਾਨ ਨੂੰ ਚਾਬੀਆਂ ਦੇਣ ਲਈ ਥੋੜ੍ਹੀ ਦੇਰ ਲਈ ਰੁਕੇ।
ਸੌਰਭ ਨੇ ਅੱਗੇ ਕਿਹਾ, "ਮੈਨੂੰ ਨਵਾਂ ਮੋਟਰਸਾਈਕ ਮਿਲਣ ’ਤੇ ਖੁਸ਼ੀ ਹੈ, ਜੋ ਕਿ ਬਿਲਕੁਲ ਉਸੇ ਮਾਡਲ ਦਾ ਹੈ ਜੋ ਮੇਰੀ ਗੁੰਮ ਹੋ ਗਈ ਸੀ। ਮੈਂ ਸੀਨੀਅਰ ਨੇਤਾ ਦੇ ਇਸ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ।"