ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ ’ਤੇ ਮੁੜ ਹਮਲਾ: ਵੋਟ ਚੋਰੀ ਨੁੂੰ ਭਾਜਪਾ ਤੇ ਚੋਣ ਕਮਿਸ਼ਨ ਦੀ ਮਿਲੀਭੁਗਤ ਦੱਸਿਆ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਬਿਹਾਰ ਦੇ ਸਾਰੇ ਹਲਕਿਆਂ ’ਚ ਵਿਧਾਨ ਸਭਾ ਚੋਣਾਂ ਲਈ ‘ਇੰਡੀਆ’ ਗੱਠਜੋੜ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਨਤੀਜੇ ਸਾਰਥਕ ਹੋਣਗੇ।
'ਵੋਟ ਅਧਿਕਾਰ ਯਾਤਰਾ' ਦੌਰਾਨ ਬਿਹਾਰ ਦੇ ਅਰਰੀਆ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਨੇ ਚੋਣ ਕਮਿਸ਼ਨ ਅਤੇ ਭਾਜਪਾ ਵਿਚਕਾਰ ਕਥਿਤ ਮਿਲੀਭੁਗਤ ਹੋਣ ਦਾ ਦੋਸ਼ ਲਗਾਇਆ।
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਾਲ ਦੇ ਅੰਤ ਵਿੱਚ ਚੋਣਾਂ ਲਈ ਇੰਡੀਆ ਗੱਠਜੋੜ ਇੱਕ ਸਾਂਝਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ਲੈ ਕੇ ਆਵੇਗਾ।
ਗਾਂਧੀ ਨੇ ਕਿਹਾ, “ਇੰਡੀਆ ਗੱਠਜੋੜ ਬਿਹਾਰ ਅਸੈਂਬਲੀ ਚੋਣਾਂ ਲਈ ਜਲਦੀ ਹੀ ਇੱਕ ਸਾਂਝਾ ਚੋਣ ਮਨੋਰਥ ਪੱਤਰ ਲੈ ਕੇ ਆਵੇਗਾ। ਸਾਰੇ ਹਲਕਿਆਂ ਵਿੱਚ ਵਿਰੋਧੀ ਗੱਠਜੋੜ ਇਕਜੁੱਟ ਹੋ ਕੇ ਕੰਮ ਕਰ ਰਿਹਾ ਹੈ ਅਤੇ ਨਤੀਜੇ ਸਾਰਥਕ ਹੋਣਗੇ।”
ਉਨ੍ਹਾਂ ਕਿਹਾ, “ਯਾਤਰਾ ਸਫਲ ਰਹੀ ਅਤੇ ਲੋਕ ਜਥੇਬੰਦਕ ਤੌਰ ’ਤੇ ਯਾਤਰਾ ਵਿੱਚ ਸ਼ਾਮਲ ਹੋ ਰਹੇ ਹਨ। ਇਹ ਸਪੱਸ਼ਟ ਹੈ ਕਿ ਬਿਹਾਰ ਦੇ ਕਰੋੜਾਂ ਲੋਕ ਵੋਟ ਚੋਰੀ ਦੇ ਸਾਡੇ ਦਾਅਵੇ ’ਤੇ ਵਿਸ਼ਵਾਸ ਕਰਦੇ ਹਨ, ਜਿਸ ਕਾਰਨ ਤੁਸੀਂ ਇਹ ਜਵਾਬ ਦੇਖ ਸਕਦੇ ਹੋ। ਚੋਣ ਕਮਿਸ਼ਨ ਦਾ ਕੰਮ ਸਹੀ ਵੋਟਰ ਸੂਚੀ ਦੇਣਾ ਹੈ, ਜੋ ਉਨ੍ਹਾਂ ਨੇ ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਵਿੱਚ ਨਹੀਂ ਕੀਤਾ।”
ਕੇਂਦਰ ਦੀ ਐਨਡੀਏ (NDA) ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਬੀ ਸੂਬੇ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਵਿਆਪਕ ਸੁਧਾਈ (SIR) ਭਾਜਪਾ ਲਈ ਵੋਟ ਚੋਰੀ ਕਰਨ ਲਈ ਚੋਣ ਕਮਿਸ਼ਨ ਦੀ ਇੱਕ ‘ਸੰਸਥਾਗਤ ਕੋਸ਼ਿਸ਼’ ਸੀ।
ਉਨ੍ਹਾਂ ਕਿਹਾ, “ਅਸੀਂ ਬਿਹਾਰ ’ਚ ਚੋਣ ਕਮਿਸ਼ਨ ਨੂੰ ਵੋਟਾਂ ਚੋਰੀ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਚੋਣ ਪੈਨਲ ਭਾਜਪਾ ਦੇ ਫਾਇਦੇ ਲਈ ਕੰਮ ਕਰ ਰਿਹਾ ਹੈ।”