ਟਰੰਪ ਦੇ ਨਿਰਦੇਸ਼ਾਂ ’ਤੇ ਪ੍ਰਧਾਨ ਮੰਤਰੀ ਮੋਦੀ ਨੇ ‘ਪੰਜ ਘੰਟਿਆਂ’ ਵਿੱਚ ਜੰਗ ਰੁਕਵਾਈ: ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਹਿਣ ਤੋਂ ਬਾਅਦ ਮਈ ਵਿੱਚ ਪਾਕਿਸਤਾਨ ਨਾਲ ਫੌਜੀ ਟਕਰਾਅ ਨੂੰ ’ਪੰਜ ਘੰਟਿਆਂ ਅੰਦਰ’ ਖ਼ਤਮ ਕਰਨ ਲਈ ਸਹਿਮਤੀ ਦਿੱਤੀ ਸੀ।
ਵਿਰੋਧੀ ਧਿਰ ਦੇ ਨੇਤਾ ਨੇ ਇਹ ਦਾਅਵਾ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ, ਜਿੱਥੇ ਉਨ੍ਹਾਂ ਨਾਲ ’ਵੋਟਰ ਅਧਿਕਾਰ ਯਾਤਰਾ’ ਦੌਰਾਨ ਇੰਡੀਆ ਬਲਾਕ ਭਾਈਵਾਲ ਡੀਐੱਮਕੇ ਦੇ ਐਮਕੇ ਸਟਾਲਿਨ ਅਤੇ ਆਰਜੇਡੀ ਦੇ ਤੇਜਸਵੀ ਯਾਦਵ ਸਮੇਤ ਹੋਰ ਆਗੂ ਸ਼ਾਮਲ ਹੋਏ।
ਕਾਂਗਰਸ ਦੇ ਸਾਬਕਾ ਪ੍ਰਧਾਨ ਗਾਂਧੀ ਨੇ ਕਿਹਾ, “ਤੁਸੀਂ ਜਾਣਦੇ ਹੋ ਟਰੰਪ ਨੇ ਅੱਜ ਕੀ ਕਿਹਾ ਹੈ? ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਨਾਲ ਤਣਾਅਪੂਰਨ ਮਾਹੌਲ ਉਨ੍ਹਾਂ ਨੇ ਮੋਦੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਲੜਾਈ ਬੰਦ ਕਰਨ ਲਈ ਕਿਹਾ ਅਤੇ ਸ੍ਰੀ ਮੋਦੀ ਨੇ ਤੁਰੰਤ ਹੁਕਮ ਮੰਨਿਆ। ਚਾਰ ਘੰਟੇ ਦਿੱਤੇ ਗਏ ਸਨ ਪਰ ਪੰਜ ਘੰਟਿਆਂ ਵਿੱਚ ਟਰੰਪ ਦੇ ਨਿਰਦੇਸ਼ ਅਨੁਸਾਰ ਕੀਤਾ ਇਹ ਕੀਤਾ ਗਿਆ।”
ਕਾਂਗਰਸੀ ਆਗੂ ਦਾ ਇਹ ਇਸ਼ਾਰਾ ਟਰੰਪ ਦੇ ਇੱਕ ਵੀਡੀਓ ਵੱਲ ਸੀ ਜਿਸ ਵਿੱਚ ਉਹ ਵ੍ਹਾਈਟ ਹਾਊਸ ਵਿੱਚ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਦੇ ਨਜ਼ਰ ਆ ਰਹੇ ਸਨ। ਅਮਰੀਕੀ ਰਾਸ਼ਟਰਪਤੀ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਪ੍ਰਮਾਣੂ ਸ਼ਕਤੀਆਂ ਹਨ ਅਤੇ ਇਨ੍ਹਾਂ ਵਿਚਕਾਰ ਅਮਰੀਕਾ ਦੀ ਦਖ਼ਲਅੰਦਾਜ਼ੀ ਕਰਕੇ ਇਹ ਰੁਕ ਗਿਆ। ਹਲਾਂਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਇਸ ਦਾਅਵੇ ਨੂੰ ਨਕਾਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਨੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਨੇ ਮਈ ਵਿੱਚ ਆਪਣੀਆਂ ਫੌਜੀ ਕਾਰਵਾਈਆਂ ਰੋਕ ਦਿੱਤੀਆਂ ਸਨ, ਜਦੋਂ ਅਮਰੀਕਾ ਦੀ ਵਿਚੋਲਗੀ ਤੋਂ ਬਿਨਾਂ ਦੋਵਾਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਸਿੱਧੀ ਗੱਲਬਾਤ ਹੋਈ।
ਗਾਂਧੀ ਨੇ ਮੀਡੀਆ ’ਤੇ ਨਿਸ਼ਾਨਾ ਸਾਧਦਿਆਂ ਕਿਹਾ, “ਮੀਡੀਆ ਤੁਹਾਨੂੰ ਟਰੰਪ ਵੱਲੋਂ ਕਹੀ ਗਈ ਗੱਲ ਨਹੀਂ ਦਿਖਾਏਗਾ ਕਿਉਂਕਿ ਇਸ ਨੂੰ ਸਿਰਫ਼ ਮੋਦੀ ਅਤੇ ਉਸ ਦੇ ਦੋਸਤਾਨਾ ਕਾਰੋਬਾਰੀਆਂ ਦੀ ਪਰਵਾਹ ਹੈ, ਮੇਰੇ, ਸਟਾਲਿਨ ਜਾਂ ਤੇਜਸਵੀ ਵਰਗੇ ਲੋਕਾਂ ਦੀ ਨਹੀਂ।”
ਰਾਹੁਲ ਅਤੇ ਪ੍ਰਿਅੰਕਾ ਨੇ ਮੋਟਰਸਾਈਕਲ ’ਤੇ ਕੀਤੀ 'ਵੋਟਰ ਅਧਿਕਾਰ ਯਾਤਰਾ'
ਮੰਗਲਵਾਰ ਨੂੰ ਦਰਭੰਗਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਰਾਖੀ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ, "ਬਿਹਾਰ ਵਿੱਚ ਵੋਟਰ ਸੂਚੀਆਂ ਦੇ ਵਿਸ਼ੇਸ਼ ਸੋਧ ਨੇ ਭਾਜਪਾ ਅਤੇ ਚੋਣ ਕਮਿਸ਼ਨ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਲਈ ਲੋਕ ਭਾਜਪਾ ਨੇਤਾਵਾਂ ਨੂੰ 'ਵੋਟ ਚੋਰ' ਕਹਿ ਰਹੇ ਹਨ।"
ਗਾਂਧੀ ਨੇ ਅੱਗੇ ਕਿਹਾ, "ਭਾਜਪਾ ਦੇ ਨੇਤਾ ਚੋਣ ਕਮਿਸ਼ਨ ਰਾਹੀਂ 'ਵੋਟ ਚੋਰੀ' ਵਿੱਚ ਲੱਗੇ ਹੋਏ ਹਨ। ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਰਾਖੀ ਕਰਨ ਅਤੇ ਸੰਵਿਧਾਨ ਦੀ ਰਾਖੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।’’