ਉਪ ਰਾਸ਼ਟਰਪਤੀ ਚੋਣ ਲਈ ਰਾਧਾਕ੍ਰਿਸ਼ਨਨ ਨੇ ਨਾਮਜ਼ਦਗੀ ਭਰੀ
ਸੱਤਾਧਾਰੀ ਐੱਨਡੀਏ ਗੱਠਜੋੜ ਵੱਲੋਂ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੇ ਅੱਜ ਭਾਰਤ ਦੇ ਦੂਜੇ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ ਲਈ ਚੋਣ ਵਾਸਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਨਾਮਜ਼ਦਗੀ ਦੇ ਦਾਖ਼ਲੇ ਨਾਲ 9 ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਚੋਣ ਲਈ ਮੰਚ ਤਿਆਰ ਹੋ ਗਿਆ ਹੈ। ਸੰਸਦ ਭਵਨ ਕੰਪਲੈਕਸ ਵਿੱਚ ਪ੍ਰੇਰਨਾ ਸਥਾਨ ’ਤੇ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਰਾਧਾਕ੍ਰਿਸ਼ਨਨ ਦੇ ਨਾਲ ਸੀਨੀਅਰ ਭਾਜਪਾ ਮੰਤਰੀ ਅਤੇ ਐੱਨਡੀਏ ਭਾਈਵਾਲ ਨਵੇਂ ਸੰਸਦ ਭਵਨ ਵਿੱਚ ਗਏ।
ਸੱਤਾਧਾਰੀ ਗੱਠਜੋੜ ਦੇ ਆਗੂਆਂ ਦੇ ਵਫ਼ਦ ਦੀ ਅਗਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ, ਜੋ ਉਪ ਰਾਸ਼ਟਰਪਤੀ ਚੋਣ ਲਈ ਰਿਟਰਨਿੰਗ ਅਫ਼ਸਰ ਹਨ, ਦੇ ਦਫ਼ਤਰ ਵਿੱਚ ਆਪਣੇ ਕਾਗਜ਼ ਦਾਖਲ ਕੀਤੇ। ਨਾਮਜ਼ਦਗੀਆਂ ਦੇ ਪਹਿਲੇ ਸੈੱਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁੱਖ ਤਜਵੀਜ਼ ਦੇ ਨਾਲ ਚਾਰ ਸੈੱਟ ਕਾਗਜ਼ ਦਾਖਲ ਕੀਤੇ ਗਏ ਹਨ। ਨਾਮਜ਼ਦਗੀ ਦਾਖਲ ਕਰਨ ਸਮੇਂ ਐੱਨਡੀਏ ਵਿਚ ਸ਼ਾਮਲ ਪਾਰਟੀਆਂ ਦੇ ਸਾਰੇ ਆਗੂ ਮੌਜੂਦ ਸਨ। ਏਆਈਏਡੀਐੱਮਕੇ ਆਗੂ ਐੱਮ.ਥੰਬੀ ਦੁਰਈ ਵੀ ਵਫ਼ਦ ਵਿੱਚ ਸ਼ਾਮਲ ਹੋਏ।
ਰੈੱਡੀ ਅੱਜ ਦਾਖ਼ਲ ਕਰਨਗੇ ਨਾਮਜ਼ਦਗੀ
ਉਪ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੇ ਵੀ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ 21 ਅਗਸਤ ਨੂੰ ਦਾਖਲ ਕੀਤੇ ਜਾਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਹੋਰ ਵਿਰੋਧੀ ਧਿਰ ਦੇ ਵੱਡੇ ਨੇਤਾ ਅੱਜ ਰੈਡੀ ਨੂੰ ਮਿਲਣ ਲਈ ਪੁਰਾਣੀ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇਕੱਠੇ ਹੋਏ। ਰੈੱਡੀ ਆਂਧਰਾ ਪ੍ਰਦੇਸ਼ ਵਿੱਚ ਜਨਮੇ ਕਾਨੂੰਨਦਾਨ ਹਨ।