ਪੂਤਿਨ ਦਾ ਭਾਰਤ ਦੌਰਾ ਅੱਜ ਤੋਂ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਭਲਕੇ ਵੀਰਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਆ ਰਹੇ ਹਨ। ਭਾਰਤ ਅਤੇ ਅਮਰੀਕਾ ਵਿਚਾਲੇ ਸਬੰਧਾਂ ’ਚ ਨਿਘਾਰ ਮਗਰੋਂ ਰੂਸ ਨਾਲ ਦੁਵੱਲੇ ਰਣਨੀਤਕ ਅਤੇ ਆਰਥਿਕ ਰਿਸ਼ਤਿਆਂ ’ਚ ਮਜ਼ਬੂਤੀ ਵਜੋਂ ਪੂਤਿਨ ਦੇ ਦੌਰੇ ਨੂੰ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਤਿਨ ਲਈ ਨਿੱਜੀ ਡਿਨਰ ਦੀ ਮੇਜ਼ਬਾਨੀ ਕਰਨਗੇ। ਭਾਰਤ-ਰੂਸ 23ਵੀਂ ਸਿਖਰ ਵਾਰਤਾ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੂਤਿਨ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ ਜਾਵੇਗਾ।
ਮੋਦੀ ਅਤੇ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਵਾਰਤਾ ਕਰਨਗੇ ਜਿਸ ’ਚ ਰੱਖਿਆ, ਵਪਾਰ ਅਤੇ ਹੋਰ ਮੁੱਦਿਆਂ ’ਤੇ ਧਿਆਨ ਕੇਂਦਰਤ ਕੀਤੇ ਜਾਣ ਦੀ ਸੰਭਾਵਨਾ ਹੈ। ਦੋਵੇਂ ਆਗੂਆਂ ਦੀ ਗੱਲਬਾਤ ’ਤੇ ਪੱਛਮੀ ਮੁਲਕਾਂ ਦੀ ਵੀ ਨਜ਼ਰ ਹੈ। ਰੂਸੀ ਰਾਸ਼ਟਰਪਤੀ ਦੇ ਵੀਰਵਾਰ ਸ਼ਾਮ ਕਰੀਬ ਸਾਢੇ 4 ਵਜੇ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ ਜਿਸ ਦੇ ਕੁਝ ਘੰਟਿਆਂ ਬਾਅਦ ਹੀ ਮੋਦੀ ਉਨ੍ਹਾਂ ਨੂੰ ਰਾਤ ਦਾ ਭੋਜਨ ਕਰਾਉਣਗੇ। ਸ੍ਰੀ ਮੋਦੀ ਦੇ ਪਿਛਲੇ ਸਾਲ ਜੁਲਾਈ ’ਚ ਰੂਸ ਦੌਰੇ ਮੌਕੇ ਪੂਤਿਨ ਨੇ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਡਿਨਰ ਕਰਵਾਇਆ ਸੀ। ਸ਼ੁੱਕਰਵਾਰ ਨੂੰ ਪੂੁਤਿਨ ਅਤੇ ਉਨ੍ਹਾਂ ਨਾਲ ਆਏ ਵਫ਼ਦ ਨੂੰ ਹੈਦਰਾਬਾਦ ਹਾਊਸ ’ਚ ਦੁਪਹਿਰ ਦਾ ਭੋਜਨ ਕਰਵਾਇਆ ਜਾਵੇਗਾ। ਪੂਤਿਨ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸਿਖਰ ਵਾਰਤਾ ਮਗਰੋਂ ਪੂਤਿਨ ਰੂਸ ਦੇ ਸਰਕਾਰੀ ਚੈਨਲ ਨੂੰ ਭਾਰਤ ’ਚ ਲਾਂਚ ਕਰਨਗੇ ਅਤੇ ਇਸ ਮਗਰੋਂ ਉਹ ਆਪਣੀ ਭਾਰਤੀ ਹਮਰੁਤਬਾ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਰੂਸੀ ਆਗੂ ਦੇ ਸ਼ੁੱਕਰਵਾਰ ਰਾਤ ਸਾਢੇ 9 ਵਜੇ ਦੇ ਕਰੀਬ ਮੁਲਕ ’ਚੋਂ ਰਵਾਨਾ ਹੋਣ ਦੀ ਸੰਭਾਵਨਾ ਹੈ। -ਪੀਟੀਆਈ
ਭਾਰਤ ਤੇ ਰੂਸੀ ਰੱਖਿਆ ਮੰਤਰੀਆਂ ਵਿਚਾਲੇ ਵਾਰਤਾ ਅੱਜ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ ਨਾਲ ਭਲਕੇ ਗੱਲਬਾਤ ਕਰਨਗੇ ਜਿਸ ’ਚ ਐੱਸ-400 ਮਿਜ਼ਾਈਲ ਪ੍ਰਣਾਲੀਆਂ, ਸੁਖੋਈ 30 ਜੈੱਟ ਅਪਗਰੇਡ ਕਰਨ ਅਤੇ ਹੋਰ ਅਹਿਮ ਫੌਜੀ ਸਾਜ਼ੋ-ਸਾਮਾਨ ਰੂਸ ਤੋਂ ਖ਼ਰੀਦਣ ਬਾਰੇ ਚਰਚਾ ਹੋਵੇਗੀ।
ਭਾਰਤ ਨੇ ਅਕਤੂਬਰ 2018 ’ਚ ਪੰਜ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਖਰੀਦਣ ਦੇ 5 ਅਰਬ ਡਾਲਰ ਦੇ ਸੌਦੇ ’ਤੇ ਦਸਤਖ਼ਤ ਕੀਤੇ ਸਨ। ਫੌਜੀ ਅਧਿਕਾਰੀਆਂ ਨੇ ਕਿਹਾ ਕਿ ਵਾਰਤਾ ਦੋਵੇਂ ਮੁਲਕਾਂ ਵਿਚਾਲੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਖਾਸ ਕਰਕੇ ਰੂਸ ਤੋਂ ਭਾਰਤ ਨੂੰ ਫੌਜੀ ਹਾਰਡਵੇਅਰ ਦੀ ਤੇਜ਼ੀ ਨਾਲ ਸਪਲਾਈ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
ਸ੍ਰੀ ਬੇਲੋਸੋਵ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਅਗਵਾਈ ਹੇਠ ਭਾਰਤ ਦੌਰੇ ’ਤੇ ਆਉਣ ਵਾਲੇ ਵਫ਼ਦ ’ਚ ਸ਼ਾਮਲ ਹੋਣਗੇ। ਦੋਵੇਂ ਰੱਖਿਆ ਮੰਤਰੀਆਂ ਵਿਚਾਲੇ ਵਾਰਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੂਤਿਨ ਵਿਚਕਾਰ ਸਿਖਰ ਬੈਠਕ ਤੋਂ ਇਕ ਦਿਨ ਪਹਿਲਾਂ ਹੋਵੇਗੀ। ਮੋਦੀ-ਪੂਤਿਨ ਵਾਰਤਾ ਦੌਰਾਨ ਭਾਰਤ-ਰੂਸ ਰੱਖਿਆ ਸਬੰਧਾਂ ਬਾਰੇ ਵੀ ਨਜ਼ਰਸਾਨੀ ਕੀਤੇ ਜਾਣ ਦੀ ਸੰਭਾਵਨਾ ਹੈ। ਰਾਜਨਾਥ ਵੱਲੋਂ ਬੇਲੋਸੋਵ ਨਾਲ ਮੀਟਿੰਗ ਦੌਰਾਨ ਫੌਜੀ ਹਾਰਡਵੇਅਰ ਦੀ ਤੈਅ ਸਮੇਂ ਦੇ ਅੰਦਰ ਸਪਲਾਈ ਕਰਨ ਲਈ ਜ਼ੋਰ ਪਾਇਆ ਜਾ ਸਕਦਾ ਹੈ। ਹਥਿਆਰਬੰਦ ਬਲਾਂ ਦਾ ਇਹ ਪੁਰਾਣਾ ਗਿਲਾ ਹੈ ਕਿ ਰੂਸ ਅਹਿਮ ਪੁਰਜ਼ਿਆਂ ਅਤੇ ਸਾਜ਼ੋ-ਸਾਮਾਨ ਦੀ ਸਪਲਾਈ ’ਚ ਲੰਬਾ ਸਮਾਂ ਲੈਂਦਾ ਹੈ ਜਿਸ ਕਾਰਨ ਫੌਜੀ ਪ੍ਰਣਾਲੀਆਂ ਦੀ ਸਾਂਭ-ਸੰਭਾਲ ਪ੍ਰਭਾਵਿਤ ਹੁੰਦੀ ਹੈ। -ਪੀਟੀਆਈ
