ਭਾਰਤ ਦੌਰੇ ’ਤੇ ਆਉਣਗੇ ਪੂਤਿਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਛੇਤੀ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਪੂਤਿਨ ਦੇ ਦੌਰੇ ਦੀਆਂ ਤਰੀਕਾਂ ਤੈਅ ਕੀਤੀਆਂ ਜਾ ਰਹੀਆਂ ਹਨ। ਉਂਝ ਰੂਸੀ ਰਾਸ਼ਟਰਪਤੀ ਨੇ ਇਸ ਵਰ੍ਹੇ ਸਾਲਾਨਾ ਸਿਖਰ ਸੰਮੇਲਨ ਲਈ ਭਾਰਤ ਦੇ ਦੌਰੇ ’ਤੇ ਆਉਣਾ ਹੈ। ਮਾਸਕੋ ਦੇ ਦੌਰੇ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਪੂਤਿਨ ਨਾਲ ਮੁਲਾਕਾਤ ਕੀਤੀ। ਸੂਤਰਾਂ ਨੇ ਕਿਹਾ ਕਿ ਡੋਵਾਲ ਨੇ ਪੂਤਿਨ ਦੇ ਦੌਰੇ ਸਬੰਧੀ ਕਿਸੇ ਖਾਸ ਤਰੀਕ ਜਾਂ ਸਮੇਂ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ। ਉਂਝ ਇਕ ਸੂਤਰ ਮੁਤਾਬਕ ਐੱਨਐੱਸਏ ਡੋਵਾਲ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੂਤਿਨ ਦੇ ਭਾਰਤ ਦੌਰੇ ਲਈ ਤਰੀਕਾਂ ਤੈਅ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਨੇ ਅਗਸਤ ਦੇ ਅਖੀਰ ’ਚ ਪੂਤਿਨ ਦੇ ਦੌਰੇ ਸਬੰਧੀ ਰਿਪੋਰਟਾਂ ਨੂੰ ਗਲਤ ਕਰਾਰ ਦਿੱਤਾ ਹੈ। ਇਸ ਦੌਰਾਨ ਡੋਵਾਲ ਨੇ ਰੂਸੀ ਸੁਰੱਖਿਆ ਕੌਂਸਲ ਦੇ ਸਕੱਤਰ ਸਰਗੇਈ ਸ਼ੋਇਗੂ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਦੁਵੱਲੀ ਊਰਜਾ ਤੇ ਰੱਖਿਆ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਦੋ ਵਾਰ ਰੂਸ ਦਾ ਦੌਰਾ ਕਰਕੇ ਪੂਤਿਨ ਨਾਲ ਮੁਲਾਕਾਤ ਕੀਤੀ ਸੀ। ਕਜ਼ਾਨ ’ਚ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਮੋਦੀ ਨੇ ਵੀ ਹਾਜ਼ਰੀ ਭਰੀ ਸੀ। ਡੋਵਾਲ ਵੱਲੋਂ ਰੂਸ ਦਾ ਉਸ ਸਮੇਂ ਦੌਰਾ ਕੀਤਾ ਜਾ ਰਿਹਾ ਹੈ ਜਦੋਂ ਰੂਸ ਤੋਂ ਕੱਚਾ ਤੇਲ ਖ਼ਰੀਦੇ ਜਾਣ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ’ਚ ਵਿਗਾੜ ਪੈਦਾ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵਸਤਾਂ ਦੀ ਦਰਾਮਦ ’ਤੇ 25 ਫ਼ੀਸਦ ਦਾ ਵਾਧੂ ਟੈਰਿਫ ਲਗਾ ਦਿੱਤਾ ਹੈ। ਇਸ ਨਾਲ ਭਾਰਤ ਨੂੰ ਹੁਣ 50 ਫ਼ੀਸਦੀ ਟੈਰਿਫ ਦਾ ਭੁਗਤਾਨ ਕਰਨਾ ਹੋਵੇਗਾ। ਡੋਵਾਲ ਦੇ ਮਾਸਕੋ ਦੌਰੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਮੀਟਿੰਗਾਂ ਦੌਰਾਨ ਊਰਜਾ ਅਤੇ ਰੱਖਿਆ ਸਬੰਧਾਂ ਸਮੇਤ ਪੱਛਮੀ ਮੁਲਕਾਂ ਵੱਲੋਂ ਰੂਸੀ ਕੱਚੇ ਤੇਲ ’ਤੇ ਲਾਈ ਗਈ ਪਾਬੰਦੀ ਦਾ ਮੁੱਦਾ ਵੀ ਉਭਰਿਆ।
ਐੱਸ-400 ਹਵਾਈ ਰੱਖਿਆ ਪ੍ਰਣਾਲੀਆਂ ਦੋ ਰੈਜੀਮੈਂਟਾਂ ਫੌਰੀ ਦੇਣ ਦੀ ਮੰਗ
ਐੱਨਐੱਸਏ ਅਜੀਤ ਡੋਵਾਲ ਵੱਲੋਂ ਰੂਸ ’ਤੇ ਐੱਸ-400 ਹਵਾਈ ਰੱਖਿਆ ਪ੍ਰਣਾਲੀਆਂ ਦੀਆਂ ਦੋ ਰੈਜੀਮੈਂਟਾਂ ਭਾਰਤ ਨੂੰ ਛੇਤੀ ਦੇਣ ਲਈ ਵੀ ਦਬਾਅ ਪਾਏ ਜਾਣ ਦੀ ਸੰਭਾਵਨਾ ਹੈ। ‘ਅਪਰੇਸ਼ਨ ਸਿੰਧੂਰ’ ਦੌਰਾਨ ਐੱਸ-400 ਪ੍ਰਣਾਲੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਨੇ 2018 ’ਚ 5.43 ਅਰਬ ਡਾਲਰ ਦੀ ਲਾਗਤ ਨਾਲ ਐੱਸ-400 ਟ੍ਰਾਇੰਫ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਸਕੁਐਡਰਨਾਂ ਹਾਸਲ ਕਰਨ ਦੇ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ। ਭਾਰਤ ਨੂੰ ਇਨ੍ਹਾਂ ’ਚੋਂ ਤਿੰਨ ਸਕੁਐਡਰਨਾਂ ਪਹਿਲਾਂ ਹੀ ਮਿਲ ਚੁੱਕੀਆਂ ਹਨ। -ਪੀਟੀਆਈ