ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੂਤਿਨ ਵੱਲੋਂ ਰੂਸੀ ਸਰਕਾਰ ਨੂੰ ਭਾਰਤ ਨਾਲ ਵਪਾਰਕ ਅਸੰਤੁਲਨ ਘਟਾਉਣ ਦੇ ਹੁਕਮ

ਭਾਰਤ ਤੋਂ ਵਧੇਰੇ ਉਤਪਾਦ ਅਤੇ ਦਵਾਈਆਂ ਖ਼ਰੀਦਣ ਲਈ ਕਿਹਾ
Advertisement

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਵੱਲੋਂ ਭਾਰੀ ਮਾਤਰਾ ਵਿੱਚ ਰੂਸੀ ਕੱਚੇ ਤੇਲ ਦੀ ਦਰਾਮਦ ਕੀਤੇ ਜਾਣ ਕਾਰਨ ਪੈਦਾ ਹੋਏ ਵਪਾਰਕ ਅਸੰਤੁਲਨ ਨੂੰ ਘੱਟ ਕਰਨ ਲਈ ਨਵੀਂ ਦਿੱਲੀ ਤੋਂ ਵਧੇਰੇ ਉਤਪਾਦ ਤੇ ਦਵਾਈਆਂ ਖ਼ਰੀਦਣ ਸਣੇ ਵੱਖ-ਵੱਖ ਉਪਾਅ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਭਾਰਤ ਦੀ ਰਾਸ਼ਟਰਵਾਦੀ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਸੰਤੁਲਤ, ਬੁੱਧੀਮਾਨ ਤੇ ਦੇਸ਼ ਪੱਖੀ ਆਗੂ ਹਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਭਰੋਸੇਮੰਦ ਗੱਲਬਾਤ ਵਿੱਚ ਸੁਖਾਵਾਂ ਮਹਿਸੂਸ ਕਰਦੇ ਹਨ।

ਸੋਚੀ ਵਿੱਚ ਭਾਰਤ ਸਣੇ 140 ਦੇਸ਼ਾਂ ਦੇ ਸੁਰੱਖਿਆ ਤੇ ਭੂ-ਸਿਆਸੀ ਮਾਹਿਰਾਂ ਦੇ ਕੌਮਾਂਤਰੀ ਵਲਦਾਈ ਚਰਚਾ ਫੋਰਮ ਦੇ ਸੈਸ਼ਨ ਵਿੱਚ ਪੂਤਿਨ ਨੇ ਇਹ ਵੀ ਕਿਹਾ ਕਿ ਉਹ ਦਸੰਬਰ ਦੇ ਸ਼ੁਰੂ ਵਿੱਚ ਹੋਣ ਵਾਲੇ ਭਾਰਤ ਦੇ ਉਨ੍ਹਾਂ ਦੇ ਦੌਰੇ ਅਤੇ ਦੋਸਤ ਤੇ ਭਰੋਸੇਮੰਦ ਸਾਥੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਉਤਸ਼ਾਹਿਤ ਹਨ। ਪੂਤਿਨ ਦਸੰਬਰ ਦੇ ਸ਼ੁਰੂ ਵਿੱਚ ਸਾਲਾਨਾ ਸਿਖ਼ਰ ਸੰਮੇਲਨ ਲਈ ਭਾਰਤ ਦਾ ਦੌਰਾ ਕਰਨਗੇ।

Advertisement

‘ਆਰ ਟੀ ਨਿਊਜ਼ ਚੈਨਲ’ ਦੀ ਖ਼ਬਰ ਮੁਤਾਬਕ, ਰੂਸ ਦੇ ਪ੍ਰਮੁੱਖ ਭਾਈਵਾਲਾਂ ’ਤੇ ਵਾਧੂ ਟੈਰਿਫ ਅਤੇ ਪਾਬੰਦੀਆਂ ਲਗਾਉਣ ਦੀ ਅਮਰੀਕਾ ਦਾ ਧਮਕੀ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਪੂਤਿਨ ਨੇ ਕਿਹਾ ਕਿ ਭਾਰਤੀ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਦੇ ਦੇਸ਼ ਨੂੰ ਉਨ੍ਹਾਂ ਦੇ ਕੌਮੀ ਹਿੱਤਾਂ ਤੇ ਤਰਜੀਹਾਂ ਦੇ ਉਲਟ ਕੋਈ ਫੈਸਲਾ ਲੈਣ ਲਈ ਮਜਬੂਰ ਕੀਤਾ ਜਾਵੇ। ਉਨ੍ਹਾਂ ਕਿਹਾ, ‘‘ਭਾਰਤ ਕਦੇ ਕਿਸੇ ਨੂੰ ਖ਼ੁਦ ਦਾ ਅਪਮਾਨ ਨਹੀਂ ਕਰਨ ਦੇਵੇਗਾ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਦਾ ਹਾਂ, ਉਹ ਵੀ ਅਜਿਹਾ ਕੋਈ ਫੈਸਲਾ ਨਹੀਂ ਲੈਣਗੇ। ਅਮਰੀਕਾ ਦੇ ਦੰਡਾਤਮਕ ਟੈਕਸਾਂ ਕਾਰਨ ਭਾਰਤ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਨਾਲ ਹੋ ਜਾਵੇਗੀ, ਨਾਲ ਹੀ ਉਸ ਨੂੰ ਪ੍ਰਭੂਸੱਤਾ ਰਾਸ਼ਟਰ ਵਜੋਂ ਵੱਕਾਰ ਵੀ ਮਿਲੇਗਾ।’’ ਉਨ੍ਹਾਂ ਰੂਸੀ ਤੇਲ ਖਰੀਦਣ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਲਗਾਏ ਗਏ ਵਾਧੂ 25 ਫੀਸਦ ਟੈਕਸ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਵਪਾਰਕ ਅਸੰਤੁਲਨ ਨੂੰ ਦੂਰ ਕਰਨ ਲਈ ਰੂਸ, ਭਾਰਤ ਤੋਂ ਵਧੇਰੇ ਖੇਤੀ ਉਤਪਾਦ ਅਤੇ ਦਵਾਈਆਂ ਖਰੀਦ ਸਕਦਾ ਹੈ।

ਦੋਵਾਂ ਮੁਲਕਾਂ ਵਿਚਾਲੇ ਆਰਥਿਕ ਸਹਿਯੋਗ ਸੰਭਾਵਨਾਵਾਂ ਦਾ ਜ਼ਿਕਰ

ਸਰਕਾਰੀ ਖ਼ਬਰ ਏਜੰਸੀ ‘ਤਾਸ’ ਮੁਤਾਬਕ, ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਰੂਸੀ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਾਰਤੀ ਦੋਸਤਾਂ ਅਤੇ ਹਮਰੁਤਬਾ ਆਗੂਆਂ ਨੂੰ ਇਸ ਸਬੰਧ ਵਿੱਚ ਪ੍ਰਸਤਾਵ ਦੇਣ ਬਾਰੇ ਵਿਚਾਰ ਕਰੇ ਕਿ ਸਹਿਯੋਗ ਲਈ ਸਭ ਤੋਂ ਸੰਭਾਵਿਤ ਖੇਤਰ ਕਿਹੜੇ ਹਨ ਅਤੇ ਰੂਸ ਕਿਸ ਤਰ੍ਹਾਂ ਵਪਾਰ ਤੇ ਹੋਰ ਖੇਤਰਾਂ ਵਿੱਚ ਅਸੰਤੁਲਨ ਨੂੰ ਦੂਰ ਕਰ ਸਕਦਾ ਹੈ। ਉਨ੍ਹਾਂ ਰੂਸ ਤੇ ਭਾਰਤ ਦਰਮਿਆਨ ਆਰਥਿਕ ਸਹਿਯੋਗ ਦੀਆਂ ਅਸੀਮਿਤ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਪਰ ਇਨ੍ਹਾਂ ਮੌਕਿਆਂ ਦਾ ਪੂਰੀ ਤਰ੍ਹਾਂ ਤੋਂ ਲਾਭ ਲੈਣ ਲਈ ਕੁਝ ਵਿਸ਼ੇਸ਼ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਨੂੰ ਵੀ ਸਵੀਕਾਰ ਕੀਤਾ।

Advertisement
Show comments