ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਠੇਕੇ ’ਤੇ ਪੰਜਾਬ: ਖੇਤੀ ’ਚੋਂ ਬਾਹਰ ਹੋਈ ਕਿਸਾਨੀ

ਸਿਰਫ਼ 39 ਫ਼ੀਸਦੀ ਕਿਸਾਨ ਹੀ ਆਪਣੀ ਜ਼ਮੀਨ ’ਤੇ ਕਰਦੇ ਨੇ ਖੇਤੀ
Advertisement

ਪੰਜਾਬ ਦੇ ਕੇਵਲ 39 ਫ਼ੀਸਦੀ ਕਿਸਾਨ ਹੀ ਆਪਣੀ ਜ਼ਮੀਨ ’ਤੇ ਖੇਤੀ ਕਰਦੇ ਹਨ; ਬਾਕੀ ਕਿਸਾਨੀ ਦੀ ਨਿਰਭਰਤਾ ਬਿਗਾਨੇ ਖੇਤਾਂ ’ਤੇ ਹੈ। ਪਿਤਾ ਪੁਰਖੀ ਧੰਦੇ ’ਚੋਂ ਕਿਸਾਨੀ ਜਗਤ ਦੀ ਅਗਲੀ ਪੀੜ੍ਹੀ ਬਾਹਰ ਹੋ ਰਹੀ ਹੈ। ਸੂਬੇ ’ਚ 41.31 ਫ਼ੀਸਦੀ ਕਿਸਾਨ ਠੇਕੇ ’ਤੇ ਜ਼ਮੀਨਾਂ ਲੈਂਦੇ ਹਨ।

ਕੇਂਦਰੀ ਅਨਾਜ ਖ਼ਰੀਦ ਪੋਰਟਲ ਅਨੁਸਾਰ ਝੋਨੇ ਦੇ ਸੀਜ਼ਨ ’ਚ 12.83 ਲੱਖ ਕਿਸਾਨਾਂ ਦੇ ਕੀਤੇ ਮੁਲਾਂਕਣ ’ਚ ਤੱਥ ਉਭਰੇ ਹਨ ਕਿ ਪੰਜਾਬ ਦੇ 4.98 ਲੱਖ (38.83 ਫ਼ੀਸਦੀ) ਕਿਸਾਨਾਂ ਨੇ ਆਪਣੀ ਜ਼ਮੀਨ ’ਤੇ ਖੇਤੀ ਕਰ ਕੇ ਫ਼ਸਲ ਦੀ ਵੇਚ-ਵੱਟਤ ਕੀਤੀ ਹੈ; ਆਪਣੀ/ਠੇਕੇ ’ਤੇ ਜ਼ਮੀਨ ਲੈ ਕੇ 5.30 ਲੱਖ (41.31 ਫ਼ੀਸਦੀ) ਕਿਸਾਨ ਖੇਤੀ ਕਰਦੇ ਹਨ। ਇਸੇ ਤਰ੍ਹਾਂ ਲੀਜ਼ ’ਤੇ ਜ਼ਮੀਨ ਲੈ ਕੇ 2.55 ਫ਼ੀਸਦੀ ਅਤੇ ਸ਼ੇਅਰਡ ਕਾਸ਼ਤ ਕਰਨ ਵਾਲੇ ਕਿਸਾਨ 17.31 ਫ਼ੀਸਦੀ ਹਨ। ਹਰਿਆਣਾ ’ਚ 77.85 ਫ਼ੀਸਦੀ ਕਿਸਾਨ ਖ਼ੁਦ ਆਪਣੀ ਜ਼ਮੀਨ ’ਤੇ ਹੀ ਖੇਤੀ ਕਰਦੇ ਹਨ; ਅਜਿਹੇ ਕਿਸਾਨ ਉੱਤਰ ਪ੍ਰਦੇਸ਼ ’ਚ 98.31 ਫ਼ੀਸਦੀ ਹਨ। ਝੋਨੇ ਦੀ ਕਾਸ਼ਤ ਵਾਲੇ ਸੂਬਿਆਂ ਦੀ ਕੌਮੀ ਔਸਤ ਦੇਖੀਏ ਤਾਂ 79.68 ਫ਼ੀਸਦੀ ਕਿਸਾਨ ਆਪਣੀ ਜ਼ਮੀਨ ’ਤੇ ਹੀ ਖੇਤੀ ਕਰਦੇ ਹਨ।

Advertisement

ਪੰਜਾਬ ਦੀ ਠੇਕਾ ਖੇਤੀ ਦਾ ਬਾਜ਼ਾਰ ਚੌੜਾ ਹੋਣ ਲੱਗਿਆ ਹੈ। 2016-17 ਤੋਂ ਪੰਜਾਬੀ ਨੌਜਵਾਨ ਸਟੱਡੀ ਵੀਜ਼ੇ ’ਤੇ ਵਿਦੇਸ਼ ਉਡਾਰੀ ਮਾਰ ਰਹੇ ਹਨ ਜਿਸ ਨੇ ਠੇਕੇ ਦੀ ਖੇਤੀ ਦਾ ਰਾਹ ਮੋਕਲਾ ਕੀਤਾ ਹੈ। ਚਾਰ ਜ਼ਿਲ੍ਹਿਆਂ ’ਚ 50 ਫ਼ੀਸਦੀ ਤੋਂ ਜ਼ਿਆਦਾ ਕਿਸਾਨ ਠੇਕੇ ’ਤੇ ਖੇਤੀ ਕਰਦੇ ਹਨ। ਪੋਰਟਲ ਅਨੁਸਾਰ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ’ਚ ਸਭ ਤੋਂ ਵੱਧ 56.12 ਫ਼ੀਸਦੀ ਕਿਸਾਨ ਠੇਕੇ ’ਤੇ ਜ਼ਮੀਨਾਂ ਲੈਂਦੇ ਹਨ ਤੇ ਸਿਰਫ਼ 35.61 ਫ਼ੀਸਦੀ ਕਿਸਾਨ ਹੀ ਖ਼ੁਦ ਕਾਸ਼ਤ ਕਰਦੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ’ਚ 50.81, ਜਲੰਧਰ ’ਚ 50.19 ਅਤੇ ਰੋਪੜ ਜ਼ਿਲ੍ਹੇ ’ਚ 50.46 ਫ਼ੀਸਦ ਕਿਸਾਨ ਠੇਕੇ ਦੀ ਜ਼ਮੀਨ ’ਤੇ ਖੇਤੀ ਕਰਦੇ ਹਨ। ਅਸਲ ਵਿੱਚ ਹੁਣ ਛੋਟੀ ਕਿਸਾਨੀ ਨੂੰ ਛੋਟੇ ਖੇਤ ਵਾਰਾ ਨਹੀਂ ਖਾਂਦੇ ਤੇ ਵੱਡੇ ਕਿਸਾਨਾਂ ਨੇ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਵਧਾ ਲਈ ਹੈ। 2011 ਦੀ ਜਨਗਣਨਾ ਅਨੁਸਾਰ ਸੂਬੇ ’ਚ ਦੋ ਲੱਖ ਛੋਟੇ ਕਿਸਾਨ ਖੇਤੀ ’ਚੋਂ ਬਾਹਰ ਹੋਏ ਸਨ; ਦੇਸ਼ ’ਚ ਛੋਟੇ ਕਿਸਾਨਾਂ ਦੀ ਗਿਣਤੀ 11 ਕਰੋੜ ਤੋਂ ਵੱਧ ਕੇ 12 ਕਰੋੜ ਹੋ ਗਈ ਸੀ। ਪੰਜਾਬ ’ਚ ਆਮ ਜ਼ਮੀਨਾਂ ਦਾ ਠੇਕਾ ਪ੍ਰਤੀ ਏਕੜ 50 ਹਜ਼ਾਰ ਤੋਂ ਸ਼ੁਰੂ ਹੋ ਕੇ ਕਈ ਖ਼ਿੱਤਿਆਂ ’ਚ 80 ਹਜ਼ਾਰ ਨੂੰ ਪਾਰ ਕਰ ਗਿਆ ਹੈ। ਸੂਬੇ ’ਚ ਦੋ ਲੱਖ ਏਕੜ ਪੰਚਾਇਤੀ ਜ਼ਮੀਨ ਹੈ ਜਿਸ ਤੋਂ ਐਤਕੀਂ 515 ਕਰੋੜ ਦੀ ਆਮਦਨ ਹੋਈ ਹੈ। ਪੰਚਾਇਤੀ ਜ਼ਮੀਨਾਂ ਦਾ ਔਸਤਨ ਠੇਕਾ ਪ੍ਰਤੀ ਏਕੜ 38,823 ਰੁਪਏ ਰਿਹਾ ਹੈ।

ਖੇਤੀ ਮਸ਼ੀਨਰੀ ਦਾ ਆਕਾਰ ਵੱਡਾ: ਚੇਅਰਮੈਨ

ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਦੇ ਚੇਅਰਮੈਨ ਪ੍ਰੋ. ਸੁਖਪਾਲ ਸਿੰਘ ਨੇ ਕਿਹਾ ਕਿ ਸੂਬੇ ’ਚ ਖੇਤੀ ਮਸ਼ੀਨਰੀ ਦਾ ਵੱਡਾ ਆਕਾਰ ਛੋਟੇ ਖੇਤਾਂ ’ਚ ਫਿਟ ਨਹੀਂ ਬੈਠਦਾ। ਛੋਟੀਆਂ ਜੋਤਾਂ ਲਈ ਟਰੈਕਟਰ ਵਾਰਾ ਨਹੀਂ ਖਾਂਦਾ। ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵੱਡੇ ਕਿਸਾਨ ਠੇਕੇ ’ਤੇ ਲੈਂਦੇ ਹਨ ਕਿਉਂਕਿ ਵੱਡੇ ਕਿਸਾਨਾਂ ਦੀਆਂ ਬੱਝਵੀਆਂ ਲਾਗਤਾਂ ’ਚ ਕੋਈ ਵਾਧਾ ਨਹੀਂ ਹੁੰਦਾ।'

 

ਨਵੀਂ ਪੀੜ੍ਹੀ ਦੀ ਖੇਤੀ ’ਚ ਰੁਚੀ ਘਟੀ: ਘੁੰਮਣ

ਅਰਥ ਸ਼ਾਸਤਰੀ ਡਾ. ਆਰ ਐੱਸ ਘੁੰਮਣ ਆਖਦੇ ਹਨ ਕਿ ਖੇਤੀ ਮਸ਼ੀਨਰੀ ਦੀ ਬਹੁਤਾਤ ਕਰਕੇ ਕਿਸਾਨ ਜ਼ਮੀਨਾਂ ਠੇਕੇ ’ਤੇ ਲੈ ਕੇ ਕਾਸ਼ਤ ਕਰਦੇ ਹਨ ਤਾਂ ਜੋ ਆਪਣੀ ਮਾਲਕੀ ਵਾਲੀ ਜ਼ਮੀਨ ’ਚ ਰਕਬਾ ਜੋੜ ਕੇ ਜ਼ਿਆਦਾ ਖੇਤੀ ਮਸ਼ੀਨਰੀ ਅਤੇ ਮਨੁੱਖੀ ਸ਼ਕਤੀ ਦੀ ਵਰਤੋਂ ਕੀਤੀ ਜਾ ਸਕੇ। ਪੰਜਾਬ ਦੀ ਕਿਸਾਨੀ ਦੀ ਅਗਲੀ ਪੀੜ੍ਹੀ ਖੇਤੀ ’ਚ ਦਿਲਚਸਪੀ ਗੁਆ ਬੈਠੀ ਹੈ ਜਿਸ ਕਾਰਨ ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਵਧੇ ਹਨ। ਉਨ੍ਹਾਂ ਦੇ 2018 ਦੇ ਅਧਿਐਨ ਮੁਤਾਬਕ 80 ਫ਼ੀਸਦੀ ਕਿਸਾਨ ਆਪਣੇ ਬੱਚਿਆਂ ਨੂੰ ਖੇਤੀ ਦੇ ਕੰਮ ਤੋਂ ਬਾਹਰ ਰੱਖਣਾ ਚਾਹੁੰਦੇ ਹਨ ਕਿਉਂਕਿ ਖੇਤੀ ਲਾਹੇਵੰਦ ਧੰਦਾ ਨਹੀਂ ਰਹੀ।

Advertisement
Show comments