ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਪੰਜਾਬ ਅਤੇ ਹਰਿਆਣਾ ਨੂੰ ਸੀਤ ਲਹਿਰ ਨੇ ਜਕੜਿਆ

ਮੌਸਮ ਵਿਭਾਗ ਵੱਲੋਂ ਅੱਜ ਤੇ ਭਲਕੇ ਸੰਘਣੀ ਧੁੰਦ ਦੀ ਪੇਸ਼ੀਨਗੋਈ
ਲੁਧਿਆਣਾ ’ਚ ਮੂੰਹ-ਸਿਰ ਢੱਕ ਕੇ ਮੰਜ਼ਿਲ ਵੱਲ ਜਾਂਦੀਆਂ ਹੋਈਆਂ ਮਹਿਲਾਵਾਂ। -ਫੋਟੋ: ਅਸ਼ਵਨੀ ਧੀਮਾਨ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 1 ਜਨਵਰੀ

Advertisement

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਪੂਰੇ ਉੱਤਰੀ ਭਾਰਤ ਵਿੱਚ ਸਾਲ 2025 ਦੇ ਪਹਿਲੇ ਦਿਨ ਹੀ ਸੀਤ ਲਹਿਰ ਕਰਕੇ ਠੰਢ ਨੇ ਜ਼ੋਰ ਫੜ ਲਿਆ ਹੈ। ਇੱਥੇ ਲਗਾਤਾਰ ਡਿੱਗ ਰਹੇ ਤਾਪਮਾਨ ਨੇ ਲੋਕਾਂ ਨੂੰ ਦਿਨ ਭਰ ਕੰਬਣੀ ਛੇੜੀ ਰੱਖੀ। ਅੱਜ ਪੰਜਾਬ ਤੇ ਹਰਿਆਣਾ ਵਿੱਚ ਦਿਨ ਭਰ ਸੂਰਜ ਵੀ ਮੱਧਮ ਹੀ ਨਿਕਲਿਆ, ਉੱਧਰ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦਾ ਬਠਿੰਡਾ ਤੇ ਹਰਿਆਣਾ ਦਾ ਸਿਰਸਾ ਸ਼ਹਿਰ ਸਭ ਤੋਂ ਠੰਢਾ ਰਿਹਾ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਅਤੇ ਸਿਰਸਾ ਵਿੱਚ ਘੱਟ ਤੋਂ ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ ਅਗਲੇ ਦੋ ਦਿਨ 2 ਤੇ 3 ਜਨਵਰੀ ਤੱਕ ਸੰਘਣੀ ਧੁੰਦ ਤੇ ਜ਼ੋਰ ਦੀ ਠੰਢ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਇਨ੍ਹਾਂ ਦਿਨਾਂ ਵਿੱਚ ਪੈ ਰਹੀ ਧੁੰਦ ਤੇ ਸੀਤ ਲਹਿਰ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਦੇ ਚਿਹਰੇ ਖਿੜੇ ਪਏ ਹਨ। ਉਧਰ, ਸੀਤ ਲਹਿਰ ਚੱਲਣ ਕਰਕੇ ਦਿਹਾੜੀਦਾਰ ਕਾਮਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਮੁਸ਼ਕਲਾਂ ਆਈਆਂ। ਠੰਢ ਕਾਰਨ ਬੱਚਿਆ ਤੇ ਬਜ਼ੁਰਗਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 7.8, ਲੁਧਿਆਣਾ ਵਿੱਚ 8.8, ਪਟਿਆਲਾ ਵਿੱਚ 7.6, ਪਠਾਨਕੋਟ ਵਿੱਚ 9.1, ਫਰੀਦਕੋਟ ’ਚ 6, ਗੁਰਦਾਸਪੁਰ ਵਿੱਚ 7, ਬਰਨਾਲਾ ’ਚ 7.7, ਨਵਾਂ ਸ਼ਹਿਰ ਵਿੱਚ 8.5, ਮੋਗਾ ’ਚ 8.7, ਫ਼ਤਹਿਗੜ੍ਹ ਸਾਹਿਬ ਵਿੱਚ 8, ਮੁਹਾਲੀ ਵਿੱਚ 8.7 ਅਤੇ ਸੰਗਰੂਰ ਵਿੱਚ 8.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਉੱਤਰ ਨੂੰ ਛੱਡ ਕੇ ਬਾਕੀ ਮੁਲਕ ਜਨਵਰੀ ’ਚ ਰਹੇਗਾ ਗਰਮ

ਨਵੀਂ ਦਿੱਲੀ:

ਮੌਸਮ ਵਿਭਾਗ ਮੁਤਾਬਕ ਉੱਤਰ-ਪੱਛਮੀ, ਪੂਰਬੀ ਅਤੇ ਪੱਛਮੀ-ਮੱਧ ਖ਼ਿੱਤਿਆਂ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜਨਵਰੀ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮੋਹਪਾਤਰਾ ਨੇ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਵਧ ਤੋਂ ਵਧ ਤਾਮਮਾਨ ਵੀ ਆਮ ਨਾਲੋਂ ਵਧ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੱਧ ਭਾਰਤ ਦੇ ਪੱਛਮੀ ਅਤੇ ਉੱਤਰੀ ਹਿੱਸਿਆਂ ’ਚ ਵਧੇਰੇ ਸੀਤ ਲਹਿਰ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ 1901 ਤੋਂ ਬਾਅਦ ਭਾਰਤ ’ਚ 2024 ਸਭ ਤੋਂ ਵਧ ਗਰਮ ਵਰ੍ਹਾ ਰਿਹਾ। ਉਨ੍ਹਾਂ ਕਿਹਾ ਕਿ ਔਸਤਨ ਘੱਟੋ ਘੱਟ ਤਾਪਮਾਨ 0.90 ਡਿਗਰੀ ਸੈਲਸੀਅਸ ਰਿਹਾ। ਲੰਬੇ ਸਮੇਂ ਦਾ ਔਸਤਨ ਤਾਪਮਾਨ 0.65 ਡਿਗਰੀ ਤੋਂ ਵਧ ਰਿਹਾ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਜਨਵਰੀ ਤੋਂ ਮਾਰਚ ਦੌਰਾਨ ਉੱਤਰੀ ਭਾਰਤ ’ਚ ਮੀਂਹ ਆਮ ਨਾਲੋਂ ਘੱਟ ਰਹਿ ਸਕਦੇ ਹਨ ਜੋ ਲੰਬੀ ਮਿਆਦ ਦੀ ਔਸਤ ਦੇ 86 ਫ਼ੀਸਦ ਤੋਂ ਵੀ ਘੱਟ ਹੋਵੇਗੀ। ਸਾਲ 1971-2020 ਦੇ ਅੰਕੜਿਆਂ ਦੇ ਆਧਾਰ ’ਤੇ ਇਸ ਵਕਫ਼ੇ ਦੌਰਾਨ ਉੱਤਰ ਭਾਰਤ ’ਚ ਔਸਤ ਮੀਂਹ ਦਾ ਪੱਧਰ ਕਰੀਬ 184.3 ਐੱਮਐੱਮ ਹੈ। -ਪੀਟੀਆਈ

ਕਸ਼ਮੀਰ ’ਚ ਠੰਢ ਹੋਰ ਵਧਣ ਦੀ ਸੰਭਾਵਨਾ

ਸ੍ਰੀਨਗਰ:

ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ ਕਾਰਨ ਠੰਢ ਹੋਰ ਵਧ ਗਈ ਹੈ। ਮੌਸਮ ਵਿਭਾਗ ਕਾਰਨ ਪੱਛਮੀ ਗੜਬੜੀ ਕਾਰਨ ਵੀਰਵਾਰ ਸਵੇਰੇ ਹਲਕੀ ਬਰਫ਼ ਪੈ ਸਕਦੀ ਹੈ। ਇਸ ਮਗਰੋਂ 3 ਤੋਂ 6 ਜਨਵਰੀ ਤੱਕ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਵੇਗੀ। ਵਿਭਾਗ ਮੁਤਾਬਕ ਉੱਚੀ ਚੋਟੀਆਂ ’ਤੇ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਉਧਰ ਕਸ਼ਮੀਰ ’ਚ ਜ਼ਿਆਦਾਤਰ ਥਾਵਾਂ ’ਤੇ ਰਾਤ ਦਾ ਤਾਪਮਾਨ ਹੋਰ ਡਿੱਗ ਗਿਆ ਹੈ। ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫ਼ੀ 8.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ

Advertisement
Tags :
Cold waveharyanapunjabpunjab newsPunjabi khabarPunjabi News