ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਕਿਸਾਨ ਧਿਰਾਂ ਦੀ ਮੀਟਿੰਗ ’ਚ ਏਕੇ ’ਤੇ ਜ਼ੋਰ

ਸੁਖਾਵੇਂ ਮਾਹੌਲ ’ਚ ਗੱਲਬਾਤ ਹੋਣ ਦਾ ਦਾਅਵਾ, 18 ਨੂੰ ਮੁੜ ਮੀਟਿੰਗ ਸੱਦੀ
ਪਾਤੜਾਂ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ। -ਫੋਟੋ: ਰਾਜੇਸ਼ ਸੱਚਰ
Advertisement

* ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਾ ਕਰਨ ਲਈ ਤਿੰਨੋਂ ਕਿਸਾਨ ਧਿਰਾਂ ਸਹਿਮਤ

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ

Advertisement

ਪਟਿਆਲਾ/ਪਾਤੜਾਂ 13 ਜਨਵਰੀ

ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਕੇਂਦਰ ’ਤੇ ਦਬਾਅ ਪਾਉਣ ਵਾਸਤੇ ਸਾਂਝਾ ਅੰਦੋਲਨ ਚਲਾਉਣ ਦੇ ਇਰਾਦੇ ਨਾਲ ਅੱਜ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੇ ਪਾਤੜਾਂ ’ਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫ਼ਦ ਨਾਲ ਮੀਟਿੰਗ ਕੀਤੀ। ਕਿਸਾਨ ਜਥੇਬੰਦੀਆਂ ’ਚ ਏਕੇ ’ਤੇ ਜ਼ੋਰ ਦਿੰਦਿਆਂ ਤਿੰਨੋਂ ਜਥੇਬੰਦੀਆਂ ਨੇ 18 ਜਨਵਰੀ ਨੂੰ ਮੁੜ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ। ਉਂਝ ਮੀਟਿੰਗ ਸੁਖਾਵੇਂ ਮਾਹੌਲ ’ਚ ਹੋਈ, ਜਿਸ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਏਕਤਾ ’ਤੇ ਮੋਹਰ ਨਾ ਲੱਗੀ। ਮੀਟਿੰਗ ’ਚ ਐੱਸਕੇਐਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਦੇ ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਰਮਿੰਦਰ ਸਿੰਘ ਪਟਿਆਲਾ, ਡਾ. ਦਰਸ਼ਨਪਾਲ ਅਤੇ ਕ੍ਰਿਸ਼ਨ ਪ੍ਰਸਾਦ ਮੌਜੂਦ ਸਨ। ਉਨ੍ਹਾਂ ਨਾਲ ਮਨਜੀਤ ਧਨੇਰ ਅਤੇ ਝੰਡਾ ਸਿੰਘ ਜੇਠੂਕੇ ਵੀ ਹਾਜ਼ਰ ਸਨ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕਾਕਾ ਸਿੰਘ ਕੋਟੜਾ, ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਜੀਤ ਸਿੰਘ ਹਰਦੋਝੰਡੇ, ਸੁਰਜੀਤ ਫੂਲ, ਗੁਰਿੰਦਰ ਭੰਗੂ, ਜਸਵਿੰਦਰ ਲੌਂਗੋਵਾਲ, ਜਰਨੈਲ ਚਹਿਲ, ਲਖਵਿੰਦਰ ਔਲਖ, ਅਭਿਮੰਨਿਊ ਕੋਹਾੜ, ਮਨਜੀਤ ਰਾਏ ਅਤੇ ਅਮਰਜੀਤ ਮੋਹੜੀ ਮੀਟਿੰਗ ’ਚ ਮੌਜੂਦ ਸਨ। ਭਾਵੇਂ ਬੰਦ ਕਮਰਾ ਮੀਟਿੰਗ ਦੇ ਅਧਿਕਾਰਤ ਵੇਰਵੇ ਨਹੀਂ ਮਿਲੇ ਹਨ ਪਰ ਸੂਤਰਾਂ ਮੁਤਾਬਕ ਕਿਸੇ ਵੀ ਕਿਸਾਨ ਆਗੂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੋਈ ਬਿਆਨਬਾਜ਼ੀ ਨਾ ਕਰਨ ਲਈ ਤਿੰਨੋਂ ਧਿਰਾਂ ’ਚ ਸਹਿਮਤੀ ਬਣੀ ਹੈ। ਜਾਣਕਾਰੀ ਮੁਤਾਬਕ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜੇ ਕਿਸੇ ਗੱਲ ’ਤੇ ਕੋਈ ਗਿਲਾ-ਸ਼ਿਕਵਾ ਹੁੰਦਾ ਹੈ ਤਾਂ ਮੀਡੀਆ ’ਚ ਜਾਣ ਦੀ ਬਜਾਏ ਆਪਸ ’ਚ ਮਿਲ-ਬੈਠ ਕੇ ਨਜਿੱੱਠਿਆ ਜਾਵੇਗਾ। ਇਸ ਫ਼ੈਸਲੇ ਨੂੰ ਕਿਸਾਨ ਧਿਰਾਂ ’ਚ ਏਕਤਾ ਵੱਲ ਵੱਧ ਰਹੇ ਕਦਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਅੰਦੋਲਨ ਸਬੰਧੀ ਸਾਰੀਆਂ 12 ਮੰਗਾਂ ਨਾਲ ਕਮੇਟੀ ਮੈਂਬਰ ਸਹਿਮਤ ਹੋਏ ਹਨ ਅਤੇ ਖੇਤੀ ਮੰਡੀ ਦੇ ਖਰੜੇ ਨੂੰ ਰੱੱਦ ਕਰਵਾਉਣ ਦੀ ਮੰਗ ਨੂੰ ਪ੍ਰਮੁੱਖਤਾ ਨਾਲ ਉਭਾਰਨ ’ਤੇ ਵੀ ਚਰਚਾ ਹੋਈ ਹੈ। ਇਸੇ ਤਰ੍ਹਾਂ ਬਿਜਲੀ ਨਿੱਜੀਕਰਨ ਅਤੇ ਜ਼ਮੀਨਾਂ ਐਕੁਆਇਰ ਕਰਨ ਸਬੰਧੀ ਮੰਗਾਂ ਵੀ ਸੂਚੀ ’ਚ ਸ਼ਾਮਲ ਕਰਨ ’ਤੇ ਵਿਚਾਰ ਵਟਾਂਦਰਾ ਹੋਇਆ।

ਪਤਾ ਲੱਗਾ ਹੈ ਕਿ ਗਣਤੰਤਰ ਦਿਵਸ ਮੌਕੇ ਦੇਸ਼ ਭਰ ’ਚ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਸਬੰਧੀ ਉਲੀਕੇ ਪ੍ਰੋਗਰਾਮਾਂ ਕਾਰਨ ਗੱਲਬਾਤ ਸਿਰੇ ਨਾ ਚੜ੍ਹ ਸਕੀ। ਕਿਹਾ ਜਾ ਰਿਹਾ ਹੈ ਕਿ ਅੱਜ ਦੀ ਇਹ ਮੀਟਿੰਗ ਏਕੇ ਪ੍ਰਤੀ ਇੱਕ-ਦੂਜੀ ਧਿਰ ਦੇ ਮਨ ’ਚ ਸਮੋਏ ਵਿਚਾਰਾਂ ’ਤੇ ਹੀ ਆਧਾਰਿਤ ਹੋ ਨਿੱਬੜੀ। ਇੱਕ ਕਿਸਾਨ ਆਗੂ ਨੇ ਕਿਹਾ ਕਿ ਏਕਤਾ ਨੂੰ ਨੇਪਰੇ ਚਾੜ੍ਹਨ ਲਈ ਵਾਰ-ਵਾਰ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ। ਮੀਟਿੰਗ ਵਿਚਲੇ ਮਾਹੌਲ ਦੇ ਹਵਾਲੇ ਨਾਲ ਕਈ ਆਗੂ ਏਕਤਾ ਹੋਣ ਸਬੰਧੀ ਆਸਵੰਦ ਨਜ਼ਰ ਆਏ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ, ‘‘ਅਸੀਂ 18 ਜਨਵਰੀ ਨੂੰ ਹੋਰ ਮੀਟਿੰਗ ਕਰਨ ਦਾ ਫ਼ੈਸਲਾ ਲਿਆ ਹੈ ਜਿਸ ’ਚ ਅੰਦੋਲਨ ’ਚ ਜਿੱਤ ਹਾਸਲ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਰਣਨੀਤੀ ਬਣਾਉਣ ’ਤੇ ਚਰਚਾ ਹੋਵੇਗੀ। ਲੋਕ ਵੀ ਚਾਹੁੰਦੇ ਹਨ ਕਿ ਅਸੀਂ ਕੇਂਦਰ ਖ਼ਿਲਾਫ਼ ਰਲ ਕੇ ਸੰਘਰਸ਼ ਕਰੀਏ।’’ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸੇ ਵੀ ਧਿਰ ਦਾ ਆਗੂ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਨਹੀਂ ਕਰੇਗਾ।

ਖਾਪ ਪੰਚਾਇਤਾਂ ਵੀ ਕਿਸਾਨਾਂ ਦੀ ਹਮਾਇਤ ’ਚ ਨਿੱਤਰੀਆਂ

ਹਿਸਾਰ (ਦੀਪੇਂਦਰ ਦੇਸਵਾਲ):

ਕਿਸਾਨ ਧਿਰਾਂ ’ਚ ਏਕੇ ਦੇ ਹਾਂ-ਪੱਖੀ ਸੰਕੇਤ ਮਿਲਣ ਮਗਰੋਂ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਵੀ ਪੰਜਾਬ ਤੋਂ ਚੱਲ ਰਹੇ ਮੋਰਚਿਆਂ ਨੂੰ 18 ਜਨਵਰੀ ਮਗਰੋਂ ਪੂਰੀ ਹਮਾਇਤ ਦੇਣ ਦਾ ਅਹਿਦ ਲਿਆ ਹੈ। ਖਾਪ ਪੰਚਾਇਤਾਂ ਦੀ 11 ਮੈਂਬਰੀ ਕਮੇਟੀ ਦੇ ਕੋਆਰਡੀਨੇਟਰ ਅਤੇ ਸਤਰੌਲ ਖਾਪ ਦੇ ਚੇਅਰਮੈਨ ਸਤੀਸ਼ ਨੇ ਅੱਜ ਦੱਸਿਆ ਕਿ ਪਾਤੜਾਂ ’ਚ ਮੀਟਿੰਗ ਮਗਰੋਂ ਕਿਸਾਨ ਧਿਰਾਂ ਵਿਚਕਾਰ ਏਕਤਾ ਹੋਣ ਦੇ ਆਸਾਰ ਬਣ ਗਏ ਹਨ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਰਲ ਕੇ ਅੰਦੋਲਨ ਚਲਾਉਣ ਦੀ ਰਣਨੀਤੀ ਸਾਹਮਣੇ ਆ ਸਕਦੀ ਹੈ ਅਤੇ ਖਾਪ ਪੰਚਾਇਤਾਂ 19 ਜਾਂ 20 ਜਨਵਰੀ ਨੂੰ ਹਮਾਇਤ ਦੇ ਮੁੱਦੇ ’ਤੇ ਅੰਤਿਮ ਫ਼ੈਸਲਾ ਲੈਣਗੀਆਂ। ਖਾਪ ਪੰਚਾਇਤਾਂ 26 ਜਨਵਰੀ ਦੇ ਟਰੈਕਟਰ ਮਾਰਚ ’ਚ ਵੀ ਹਿੱਸਾ ਲੈਣਗੀਆਂ। ਦਹੀਆ ਖਾਪ ਦੇ ਪ੍ਰਧਾਨ ਜੈਪਾਲ ਦਹੀਆ ਅਤੇ ਫੋਗਾਟ ਖਾਪ ਦੇ ਸੁਰੇਸ਼ ਫੋਗਾਟ ਨੇ ਕਿਹਾ ਕਿ ਉਹ ਜਥੇਬੰਦੀਆਂ ਦੀ ਗੱਲਬਾਤ ’ਚੋਂ ਨਿਕਲਣ ਵਾਲੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।

ਡੱਲੇਵਾਲ ਨੂੰ ਇਲਾਜ ਮੁਹੱਈਆ ਕਰਵਾਉਣ ਸਬੰਧੀ ਮਾਮਲੇ ਦੀ ਸੁਣਵਾਈ ਭਲਕੇ

ਨਵੀਂ ਦਿੱਲੀ:

ਸੁਪਰੀਮ ਕੋਰਟ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਬੰਧੀ ਪਟੀਸ਼ਨਾਂ ’ਤੇ ਸੁਣਵਾਈ 15 ਜਨਵਰੀ ਨੂੰ ਕੀਤੀ ਜਾਵੇਗੀ। ਫ਼ਸਲਾਂ ’ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਹੋਰ ਮੰਗਾਂ ਸਬੰਧੀ ਪ੍ਰਸਤਾਵ ਨੂੰ ਅਮਲ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਡੱਲੇਵਾਲ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੇ ਬੈਂਚ ਵੱਲੋਂ ਕੀਤੀ ਜਾਵੇਗੀ। -ਪੀਟੀਆਈ

Advertisement
Tags :
FarmersPunjabi khabarPunjabi NewsSKM