ਪੰਜਾਬ ਨੂੰ ਫ਼ਸਲੀ ਖ਼ਰੀਦ ਮਾਪਦੰਡਾਂ ’ਚ ਮਿਲ ਸਕਦੀ ਹੈ ਛੋਟ
ਕੇਂਦਰ ਸਰਕਾਰ ਨੇ ਹੜ੍ਹਾਂ ਦੀ ਮਾਰ ਕਾਰਨ ਝੋਨੇ ਦੀ ਫ਼ਸਲ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਮੱਦੇਨਜ਼ਰ ਪੰਜਾਬ ਦਾ ਦੋ ਦਿਨਾਂ ਦੌਰਾ ਕਰ ਕੇ ਫ਼ਸਲ ਦੇ ਨਮੂਨੇ ਲੈਣ ਦਾ ਕੰਮ ਮੁਕੰਮਲ ਕਰ ਲਿਆ ਹੈ। ਪੰਜਾਬ ਸਰਕਾਰ ਨੇ 12 ਅਕਤੂਬਰ ਨੂੰ ਕੇਂਦਰੀ ਖ਼ੁਰਾਕ ਮੰਤਰਾਲੇ ਨੂੰ ਪੱਤਰ ਭੇਜ ਕੇ ਝੋਨੇ ਦੀ ਖ਼ਰੀਦ ਦੇ ਮਾਪਦੰਡਾਂ ’ਚ ਛੋਟ ਦੀ ਮੰਗ ਕੀਤੀ ਸੀ। ਕੇਂਦਰ ਸਰਕਾਰ ਨੇ ਫ਼ੌਰੀ ਐਕਸ਼ਨ ਲੈਂਦਿਆਂ 14 ਮੈਂਬਰਾਂ ’ਤੇ ਆਧਾਰਿਤ ਦੋ ਕੇਂਦਰੀ ਟੀਮਾਂ ਨੂੰ ਪੰਜਾਬ ਭੇਜਿਆ ਸੀ। ਕੇਂਦਰੀ ਟੀਮਾਂ ਦੀ ਫੁਰਤੀ ਮਗਰੋਂ ਸੂਬੇ ’ਚ ਝੋਨੇ ਦੀ ਖ਼ਰੀਦ ਦੇ ਮਾਪਦੰਡਾਂ ’ਚ ਢਿੱਲ ਮਿਲਣ ਦੀ ਸੰਭਾਵਨਾ ਵਧ ਗਈ ਹੈ ਜਿਸ ਨਾਲ ਕਿਸਾਨੀ ਦੀ ਲੁੱਟ ਦਾ ਰਾਹ ਵੀ ਬੰਦ ਹੋ ਜਾਵੇਗਾ। ਹੜ੍ਹਾਂ ਤੇ ਮੀਂਹ ਕਾਰਨ ਸੂਬੇ ’ਚ ਕਰੀਬ ਪੰਜ ਲੱਖ ਏਕੜ ਫ਼ਸਲ ਤਬਾਹ ਹੋ ਗਈ ਸੀ ਅਤੇ ਬਾਕੀ ਬਚੀ ਫ਼ਸਲ ਦੀ ਗੁਣਵੱਤਾ ਨੂੰ ਵੱਡੀ ਢਾਹ ਲੱਗੀ ਹੈ। ਕੇਂਦਰੀ ਟੀਮਾਂ ਨੇ 19 ਜ਼ਿਲ੍ਹਿਆਂ ’ਚੋਂ ਫ਼ਸਲ ਦੇ ਨਮੂਨੇ ਭਰੇ ਹਨ। ਹਰ ਸਬ ਡਿਵੀਜ਼ਨ ਤੋਂ ਨਮੂਨੇ ਲਏ ਗਏ ਹਨ ਜਿਨ੍ਹਾਂ ਦੀ ਜਾਂਚ ਵੀ ਭਾਰਤੀ ਖ਼ੁਰਾਕ ਨਿਗਮ ਦੀਆਂ ਪੰਜਾਬ ਵਿਚਲੀਆਂ ਖੇਤਰੀ ਤੇ ਜ਼ਿਲ੍ਹਾ ਲੈਬਾਰਟਰੀਆਂ ਵਿੱਚ ਹੋਣੀ ਹੈ।
ਕੇਂਦਰੀ ਟੀਮਾਂ ਵੱਲੋਂ ਜਲਦੀ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ 30 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਇਹ ਮੰਗ ਕੀਤੀ ਸੀ ਕਿ ਪੰਜਾਬ ’ਚ ਝੋਨੇ ਦੀ ਫ਼ਸਲ ਦੇ ਮਾਪਦੰਡਾਂ ’ਚ ਢਿੱਲ ਦਿੱਤੀ ਜਾਵੇ। ਕੇਂਦਰੀ ਟੀਮਾਂ ਵੱਲੋਂ ਨਮੂਨੇ ਲੈਣ ਦਾ ਕੰਮ ਅੱਜ ਦੁਪਹਿਰ ਤੱਕ ਚੱਲਦਾ ਰਿਹਾ। ਪੰਜਾਬ ਸਰਕਾਰ ਦੀਆਂ ਟੀਮਾਂ ਨੇ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ। ਐਤਕੀਂ ਝੋਨੇ ਦੀ ਫ਼ਸਲ ਮੀਹਾਂ ਕਾਰਨ ਪ੍ਰਭਾਵਿਤ ਹੋਈ ਹੈ। ਫ਼ਸਲ ਬਦਰੰਗ ਹੋਣ ਤੋਂ ਇਲਾਵਾ ਟੁੱਟ ਜ਼ਿਆਦਾ ਹੋਣ ਦੀ ਵੀ ਸ਼ਿਕਾਇਤ ਹੈ। ਕੇਂਦਰੀ ਟੀਮਾਂ ’ਚ ਡਿਪਟੀ ਡਾਇਰੈਕਟਰ, ਸਹਾਇਕ ਡਾਇਰੈਕਟਰ ਅਤੇ ਤਕਨੀਕੀ ਅਫ਼ਸਰ ਸ਼ਾਮਲ ਕੀਤੇ ਗਏ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ’ਚੋਂ ਜ਼ਿਆਦਾ ਨਮੂਨੇ ਲਏ ਗਏ ਹਨ। ਸੂਬੇ ’ਚ ਇਸ ਵਾਰ 15 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਸੀ ਪਰ ਕੁਦਰਤੀ ਆਫ਼ਤਾਂ ਕਾਰਨ ਮੰਡੀਆਂ ਵਿੱਚ ਫ਼ਸਲ ਦੀ ਆਮਦ ਨੇ ਹਾਲੇ ਤੱਕ ਪੂਰਾ ਜ਼ੋਰ ਨਹੀਂ ਫੜਿਆ ਹੈ।
ਖ਼ੁਰਾਕ ਤੇ ਸਪਲਾਈਜ਼ ਵਿਭਾਗ ਪੰਜਾਬ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੜ੍ਹਾਂ ਦੇ ਹਵਾਲੇ ਨਾਲ ਕੇਂਦਰ ਤੋਂ ਝੋਨੇ ਦੀ ਖ਼ਰੀਦ ਦੇ ਮਾਪਦੰਡਾਂ ’ਚ ਛੋਟ ਮੰਗੀ ਸੀ ਅਤੇ ਅੱਜ ਕੇਂਦਰੀ ਟੀਮਾਂ ਨੇ ਫ਼ਸਲ ਦੇ ਨਮੂਨੇ ਲੈਣ ਦਾ ਕੰਮ ਮੁਕੰਮਲ ਕਰ ਲਿਆ ਹੈ। ਅਧਿਕਾਰੀ ਨੇ ਉਮੀਦ ਜ਼ਾਹਿਰ ਕੀਤੀ ਕਿ ਕੇਂਦਰ ਸਰਕਾਰ ਕੁਦਰਤੀ ਆਫ਼ਤ ਦੀ ਮਾਰ ਪੈਣ ਕਰ ਕੇ ਪੰਜਾਬ ਲਈ ਖ਼ਰੀਦ ਮਾਪਦੰਡਾਂ ’ਚ ਛੋਟ ਦੇ ਸਕਦੀ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਰਾਹਤ ਮਿਲੇਗੀ।