ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ-ਹਰਿਆਣਾ ’ਵਰਸਿਟੀ ਮੁੱਦਾ ਆਪਸ ’ਚ ਨਿਬੇੜਨ: ਸ਼ਾਹ

ਦੋਵੇਂ ਸੂਬਿਆਂ ਨੂੰ ਆਮ ਸਹਿਮਤੀ ਨਾਲ ਮਸਲੇ ਦਾ ਹੱਲ ਕੱਢਣ ਲੲੀ ਕਿਹਾ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਵਿਦਿਆਰਥੀ ਬੁੱਧਵਾਰ ਨੂੰ ਰੋਸ ਮੁਜ਼ਾਹਰੇ ਦੌਰਾਨ ਸਮੋਸੇ ਵੰਡਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ’ਚ ਹਰਿਆਣਾ ਦਾ ਹਿੱਸਾ ਬਹਾਲ ਕਰਨ ਦੀ ਮੰਗ ’ਤੇ ਕੋਈ ਨਿਰਦੇਸ਼ ਜਾਰੀ ਕਰਨ ਤੋਂ ਗੁਰੇਜ਼ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਅਤੇ ਹਰਿਆਣਾ ਨੂੰ ਕਿਹਾ ਹੈ ਕਿ ਉਹ ਇਸ ਮੁੱਦੇ ਦਾ ਸਰਬਸੰਮਤੀ ਨਾਲ ਨਿਬੇੜਾ ਕਰਨ।

ਉੱਤਰੀ ਜ਼ੋਨਲ ਕੌਂਸਲ ਦੀ 17 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਅਤੇ ਹਰਿਆਣਾ ਨੂੰ ਅਪੀਲ ਕੀਤੀ ਕਿ ਉਹ ਆਪਸ ’ਚ ਗੱਲਬਾਤ ਕਰਕੇ ਮੁੱਦੇ ਦਾ ਢੁੱਕਵਾਂ ਹੱਲ ਕੱਢਣ। ਮੰਤਰਾਲੇ ਨੇ ਕਿਹਾ ਕਿ ਇਸ ਮੁੱਦੇ ’ਤੇ ਸਿੱਖਿਆ ਮੰਤਰਾਲੇ ਤਹਿਤ ਉੱਚ ਸਿੱਖਿਆ ਵਿਭਾਗ ਨੋਡਲ ਅਥਾਰਿਟੀ ਹੈ। ਵਿਭਾਗ ਵੱਲੋਂ ਪਹਿਲਾਂ ਹੀ ਇਸ ਬਾਰੇ ਕਾਨੂੰਨੀ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ 15 ਅਕਤੂਬਰ ਨੂੰ ਲਿਖੇ ਪੱਤਰ ’ਚ ਕਿਹਾ ਗਿਆ, ‘‘ਮਾਮਲੇ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਦੇਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕਰਨ ਬਾਰੇ ਸਕਾਰਾਤਮਕ ਢੰਗ ਨਾਲ ਵਿਚਾਰ ਕੀਤਾ ਜਾ ਸਕਦਾ ਹੈ। ਇਸ ਨਾਲ ਹਰਿਆਣਾ ਦੇ ਕਾਲਜਾਂ ਤੋਂ ਐਫੀਲੀਏਸ਼ਨ ਫੀਸਾਂ ਰਾਹੀਂ ਯੂਨੀਵਰਸਿਟੀ ਦੀ ਆਮਦਨ ਵਧਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਕੇਂਦਰ ਸਰਕਾਰ ’ਤੇ ਵਿੱਤੀ ਬੋਝ ਘਟੇਗਾ। ਹਾਲਾਂਕਿ, ਹਰਿਆਣਾ ਦੀ ਦਾਅਵੇਦਾਰੀ ਬਹਾਲ ਕਰਨ ਲਈ ਕੁਝ ਕਾਨੂੰਨੀ ਅਤੇ ਵਿਧਾਨਕ ਨੁਕਤਿਆਂ ’ਚ ਤਬਦੀਲੀਆਂ ਕਰਨੀਆਂ ਪੈਣਗੀਆਂ। ਸਲਾਹ ਲਈ ਮਾਮਲਾ ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ।’’ ਮੀਟਿੰਗ ਦੌਰਾਨ ਕਿਸੇ ਅੰਤਿਮ ਫ਼ੈਸਲੇ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਪੰਜਾਬ ਅਤੇ ਹਰਿਆਣਾ ਨੇ ਮੁੱਦੇ ’ਤੇ ਆਪੋ ਆਪਣਾ ਪੱਖ ਜ਼ਰੂਰ ਰੱਖਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਠੋਕਦਿਆਂ ਕਿਹਾ ਕਿ ਹਰਿਆਣਾ ਨੇ ਦਹਾਕਿਆਂ ਪਹਿਲਾਂ ਆਪਣਾ ਹਿੱਸਾ ਛੱਡ ਦਿੱਤਾ ਸੀ ਅਤੇ ਉਹ ਹੁਣ ਇਸ ਨੂੰ ਦੁਬਾਰਾ ਨਹੀਂ ਮੰਗ ਸਕਦਾ ਹੈ। ਮਾਨ ਨੇ ਕਿਹਾ ਕਿ ਪੰਜਾਬ 50 ਸਾਲਾਂ ਤੋਂ ਯੂਨੀਵਰਸਿਟੀ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਹਰਿਆਣਾ ਵੱਲੋਂ ਇਸ ’ਚ ਪਿਛਲੇ ਦਰਵਾਜ਼ਿਉਂ ਦਾਖ਼ਲੇ ਦਾ ਵਿਰੋਧ ਕੀਤਾ। ਉਧਰ ਹਰਿਆਣਾ ਨੇ ਦਲੀਲ ਦਿੱਤੀ ਕਿ ਇਹ ਮੰਗ ਪੂਰੀ ਹੋਣ ਨਾਲ ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਵਰਗੇ ਜ਼ਿਲ੍ਹਿਆਂ ਦੇ ਕਾਲਜਾਂ ਨੂੰ ਲਾਹਾ ਮਿਲੇਗਾ। ਹਰਿਆਣਾ ਨੇ ਮੰਗ ਕੀਤੀ ਕਿ ਕਾਲਜਾਂ ਨੂੰ ਯੂਨੀਵਰਸਿਟੀ ਤੋਂ ਮਾਨਤਾ ਮਿਲੇ ਅਤੇ ਉਸ ਨੇ ਗ੍ਰਾਂਟ ’ਚ ਹਿੱਸਾ ਦੇਣ ਦੀ ਵੀ ਪੇਸ਼ਕਸ਼ ਕੀਤੀ ਹੈ। ਦੋਵੇਂ ਸੂਬਿਆਂ ਨੇ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਮੁੱਦੇ ਦਾ ਨਿਬੇੜਾ ਮੰਗਿਆ ਸੀ ਪਰ ਸ਼ਾਹ ਨੇ ਕਿਹਾ ਕਿ ਅਜਿਹੇ ਮੁੱਦੇ ਆਪਸ ’ਚ ਵਾਰਤਾ ਰਾਹੀਂ ਹੀ ਹੱਲ ਹੋ ਸਕਦੇ ਹਨ। ਰਿਪੋਰਟਾਂ ਮੁਤਾਬਕ ਭਗਵੰਤ ਮਾਨ ਵੱਲੋਂ ਤਿੱਖਾ ਇਤਰਾਜ਼ ਜਤਾਏ ਜਾਣ ਮਗਰੋਂ ਕੇਂਦਰ ਨੇ ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ਨੂੰ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ।

Advertisement

 

ਜਮਹੂਰੀ ਜਥੇਬੰਦੀਆਂ ਨਾਲ ਮੀਟਿੰਗ ਅੱਜ

ਚੰਡੀਗੜ੍ਹ (ਕੁਲਦੀਪ ਸਿੰਘ): ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਉਣ ਲਈ ਭਲਕੇ 20 ਨਵੰਬਰ ਨੂੰ ਵੱਖ-ਵੱਖ ਵਿਦਿਆਰਥੀ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਸੱਦੀ ਹੈ। ਮੀਟਿੰਗ ਲਈ ਕੋਈ ਹਾਲ ਨਾ ਮਿਲਣ ਕਾਰਨ ਇਹ ਸਟੂਡੈਂਟ ਸੈਂਟਰ ਸਥਿਤ ਕਮੇਟੀ ਰੂਮ ਵਿੱਚ ਹੋਵੇਗੀ। ਮੀਟਿੰਗ ਵਿੱਚ ਅਗਲੇ ਸੰਘਰਸ਼ ਬਾਰੇ ਜੋ ਵੀ ਸਹਿਮਤੀ ਬਣੇਗੀ, ਉਸ ਦਾ ਖ਼ੁਲਾਸਾ ਸ਼ਾਮ ਸਮੇਂ ਕੀਤਾ ਜਾਵੇਗਾ। ਐੱਸ ਐੱਸ ਪੀ ਕੰਵਰਦੀਪ ਕੌਰ ਨੇ ਅੱਜ ਮੋਰਚੇ ਦੇ ਆਗੂਆਂ ਨਾਲ ਆਪਣੇ ਸੈਕਟਰ 9 ਸਥਿਤ ਦਫ਼ਤਰ ’ਚ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਆਗੂਆਂ ਨੂੰ ਸ਼ਾਂਤਮਈ ਢੰਗ ਨਾਲ ਮੀਟਿੰਗ ਕਰਨ ਦੀ ਅਪੀਲ ਕੀਤੀ। ਵੀਸੀ ਦਫ਼ਤਰ ਵੱਲੋਂ ’ਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਬਣੀ ਪੰਜ ਮੈਂਬਰੀ ਕਮੇਟੀ ਨੇ ਮੋਰਚੇ ਦੇ ਆਗੂਆਂ ਨੂੰ ਦੱਸਿਆ ਕਿ ਭਲਕੇ ਹੀ ਰਜਿਸਟਰਾਰ ਅਤੇ ਹੋਰ ਅਧਿਕਾਰੀ ਸੈਨੇਟ ਚੋਣਾਂ ਦੇ ਸਬੰਧ ਵਿੱਚ ਦਿੱਲੀ ’ਚ ਚਾਂਸਲਰ ਨੂੰ ਮਿਲਣ ਜਾ ਰਹੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਤੱਕ ਪੁਰਾਣੀ 91 ਮੈਂਬਰੀ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਹੋ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Advertisement
Show comments