ਪੰਜਾਬ ਹੜ੍ਹ: ਸ਼ਿਵਰਾਜ ਚੌਹਾਨ ਨੇ ਕਮਜ਼ੋਰ ਬੰਨ੍ਹਾਂ ਲਈ ਗੈਰ-ਕਾਨੂੰਨੀ ਮਾਈਨਿੰਗ ਨੂੰ ਜ਼ਿੰਮੇਵਾਰ ਠਹਿਰਾਇਆ
ਪੰਜਾਬ ਦੀ ਸਥਿਤੀ ਨੂੰ ‘ਹੜ੍ਹ’ ਦੱਸਦਿਆਂ ਚੌਹਾਨ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀਬਾੜੀ ਜ਼ਮੀਨਾਂ, ਕਿਸਾਨਾਂ ਅਤੇ ਪਸ਼ੂਆਂ ਨੂੰ ਹੋਏ ਨੁਕਸਾਨ ਬਾਰੇ ਇੱਕ ਵਿਸਥਾਰਤ ਜ਼ਮੀਨੀ ਮੁਲਾਂਕਣ ਰਿਪੋਰਟ ਪੇਸ਼ ਕਰਨਗੇ ਅਤੇ ਕੇਂਦਰ ਇੱਕ ਵਿਆਪਕ ਰਾਹਤ ਅਤੇ ਮੁੜਵਸੇਬਾ ਪੈਕੇਜ ਲੈ ਕੇ ਆਵੇਗਾ।
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਪੰਜਾਬ ਦੀ ਸਥਿਤੀ ਬਾਰੇ ਬਹੁਤ ਚਿੰਤਤ ਹਨ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਹੀ ਮੈਂ ਬੀਤੇ ਦਿਨ ਸੂਬੇ ਦਾ ਦੌਰਾ ਕੀਤਾ ਸੀ। ਪੰਜਾਬ ਵਿੱਚ ਹੜ੍ਹ ਵਰਗੀ ਸਥਿਤੀ ਹੈ। ਫ਼ਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਮੁਸੀਬਤ ਦੀ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਨਾਲ ਖੜ੍ਹੀ ਹੈ।’’
ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਯੋਜਨਾਬੱਧ ਮੁੜਵਸੇਬੇ ਦੀ ਹੈ।
ਮੰਤਰੀ ਨੇ ਕਿਹਾ, ‘‘ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣ ਲਈ ਸਾਨੂੰ ਥੋੜ੍ਹੇ ਸਮੇਂ ਦੀ ਦਰਮਿਆਨੀ ਮਿਆਦ ਦੀ ਅਤੇ ਲੰਬੀ ਮਿਆਦ ਦੀ ਯੋਜਨਾ ਦੀ ਲੋੜ ਹੈ।’’
ਉਨ੍ਹਾਂ ਸੰਕਟ ਨੂੰ ‘ਜ਼ਬਰਦਸਤ’ ਦੱਸਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਆਪਣੀ ਰਿਪੋਰਟ ਪੇਸ਼ ਕਰਨਗੇ।
ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ‘‘ਸੰਕਟ ਬਹੁਤ ਵੱਡਾ ਹੈ ਪਰ ਅਸੀਂ ਸੂਬੇ ਨੂੰ ਇਸ ਵਿੱਚੋਂ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਇਹ ਵੀ ਉਨਾ ਹੀ ਮਹੱਤਵਪੂਰਨ ਹੈ ਕਿ ਪੰਜਾਬ ਵਿੱਚ ‘ਆਪ’ ਸਰਕਾਰ ਪੂਰੀ ਗੰਭੀਰਤਾ ਨਾਲ ਜ਼ਮੀਨੀ ਪੱਧਰ ’ਤੇ ਕੰਮ ਕਰੇ।’’
ਉਨ੍ਹਾਂ ਕਿਹਾ ਕਿ ਇੱਕ ਵਾਰ ਪਾਣੀ ਘੱਟ ਜਾਣ ’ਤੇ ਲਾਗ ਦਾ ਖ਼ਤਰਾ ਹੋਵੇਗਾ। ਉਨ੍ਹਾਂ ਕਿਹਾ, ‘‘ਕਿਸੇ ਵੀ ਮਹਾਮਾਰੀ ਨੂੰ ਰੋਕਣ ਲਈ ਮਰੇ ਹੋਏ ਜਾਨਵਰਾਂ ਦਾ ਸਹੀ ਢੰਗ ਨਾਲ ਨਿਬੇੜਾ ਕਰਨ ਦੀ ਲੋੜ ਹੋਵੇਗੀ। ਖੇਤਾਂ ਵਿੱਚ ਗਾਰ ਜਮ੍ਹਾਂ ਹੋ ਗਈ ਹੈ। ਸਾਨੂੰ ਅਗਲੀ ਫ਼ਸਲ ਨੂੰ ਬਚਾਉਣ ਲਈ ਗਾਰ ਕੱਢਣ ਦੀ ਯੋਜਨਾ ਬਣਾਉਣ ਦੀ ਲੋੜ ਹੋਵੇਗੀ।’’
ਮੰਤਰੀ ਨੇ ਚੇਤੇ ਕੀਤਾ ਕਿ ਜਦੋਂ ਮਰਹੂਮ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਕੇਂਦਰ ਨੇ ਸੰਕਟ ਦੀ ਸਥਿਤੀ ਵਿੱਚ ਖੇਤਾਂ ਅਤੇ ਫ਼ਸਲਾਂ ਨੂੰ ਬਚਾਉਣ ਲਈ ਸਤਲੁਜ, ਬਿਆਸ, ਰਾਵੀ ਅਤੇ ਘੱਗਰ ਦੇ ਮੁੱਖ ਦਰਿਆਵਾਂ ਦੇ ਆਲੇ-ਦੁਆਲੇ ਬੰਨ੍ਹ ਬਣਾਏ ਸਨ।
ਚੌਹਾਨ ਨੇ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਪੱਟੀਆਂ ਦੇ ਆਪਣੇ ਮੌਕੇ ਦੇ ਮੁਲਾਂਕਣ ਤੋਂ ਬਾਅਦ ਕਿਹਾ, ‘‘ਗੈਰ-ਕਾਨੂੰਨੀ ਮਾਈਨਿੰਗ ਕਾਰਨ ਇਹ ਬੰਨ੍ਹ ਕਮਜ਼ੋਰ ਹੋ ਗਏ ਹਨ ਅਤੇ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਸਾਨੂੰ ਭਵਿੱਖ ਦੇ ਸੰਕਟ ਨੂੰ ਰੋਕਣ ਲਈ ਇਨ੍ਹਾਂ ਬੰਨ੍ਹਾਂ ਨੂੰ ਬਹਾਲ ਕਰਨ ਦੀ ਲੋੜ ਹੈ।’’
ਮੰਤਰੀ ਨੇ ਇਸ ਆਫ਼ਤ ਦੇ ਸਮੇਂ ਪੰਜਾਬ ਦੀ ਸੇਵਾ ਦੀ ਭਾਵਨਾ ਨੂੰ ਵੀ ਸਲਾਮ ਕੀਤਾ।
ਉਨ੍ਹਾਂ ਕਿਹਾ, ‘‘ਮੈਂ ਪੰਜਾਬ ਦੀ ਸੇਵਾ ਦੀ ਭਾਵਨਾ ਨੂੰ ਦੇਖਿਆ, ਕਿਵੇਂ ਸਮਾਜ ਸੇਵੀ ਪਿੰਡ-ਪਿੰਡ ਜਾ ਕੇ ਰਾਹਤ, ਭੋਜਨ, ਕੱਪੜੇ ਅਤੇ ਦਵਾਈਆਂ ਵੰਡ ਰਹੇ ਹਨ। ਮੈਂ ਪੰਜਾਬ ਦੀ ਸੇਵਾ ਦੀ ਭਾਵਨਾ ਨੂੰ ਸਲਾਮ ਕਰਦਾ ਹਾਂ। ਇੱਕ ਦੁਖੀ ਵਿਅਕਤੀ ਦੀ ਸੇਵਾ ਪਰਮਾਤਮਾ ਦੀ ਪੂਜਾ ਦੇ ਬਰਾਬਰ ਹੈ। ਗੁਆਂਢੀ ਰਾਜ ਵੀ ਮਦਦ ਲਈ ਅੱਗੇ ਆਏ ਹਨ। ਸੰਕਟ ਵਿੱਚ ਏਕਤਾ ਦੀ ਇਹ ਭਾਵਨਾ ਸਾਨੂੰ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਤਾਕਤ ਦਿੰਦੀ ਹੈ।’’