ਜਾਅਲੀ ਪਾਸਪੋਰਟ ’ਤੇ ਰੂਸ ਭੇਜਣ ਵਾਲਾ ਪੰਜਾਬ ਦਾ ਏਜੰਟ 19 ਸਾਲਾਂ ਬਾਅਦ ਗ੍ਰਿਫ਼ਤਾਰ
ਉਜਵਲ ਜਲਾਲੀ
ਨਵੀਂ ਦਿੱਲੀ, 28 ਜੂਨ
ਦਿੱਲੀ ਪੁਲੀਸ ਨੇ ਧੋਖਾਧੜੀ ਨਾਲ ਵਿਦੇਸ਼ ਭੇਜਣ ਦੇ ਮਾਮਲੇ ਵਿਚ ਪੰਜਾਬ ਦੇ ਏਜੰਟ ਨੂੰ ਲਗਪਗ ਦੋ ਦਹਾਕਿਆਂ ਬਾਅਦ ਕਾਬੂ ਕੀਤਾ ਹੈ। ਇਹ ਜਾਅਲੀ ਪਾਸਪੋਰਟ ’ਤੇ ਰੂਸ ਦੀ ਯਾਤਰਾ ਕਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ, ਜਿਸ ਨੂੰ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀ। ਉਸ ਨੂੰ 19 ਸਾਲਾਂ ਬਾਅਦ ਕਾਬੂ ਕੀਤਾ ਗਿਆ ਹੈ। ਇਸ ਦੀ ਪਛਾਣ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਦੇ ਬਲਦੇਵ ਸਿੰਘ ਵਜੋਂ ਹੋਈ ਹੈ, ਜੋ ਹੁਣ 64 ਸਾਲ ਦਾ ਹੈ। ਉਸ ਨੂੰ 2006 ਵਿਚ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿੱਚ ਭਗੌੜਾ ਐਲਾਨਿਆ ਗਿਆ ਸੀ। ਦਿੱਲੀ ਪੁਲੀਸ ਦੀ ਵਿਸ਼ੇਸ਼ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਉਸ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਫਰਵਰੀ 2006 ਦਾ ਹੈ ਜਦੋਂ ਭਾਰਤੀ ਯਾਤਰੀ ਨੂੰ ਫਰਜ਼ੀ ਪਾਸਪੋਰਟ ਕਾਰਨ ਮਾਸਕੋ ਤੋਂ ਭਾਰਤ ਭੇਜਿਆ ਗਿਆ। ਇਸ ਤੋਂ ਬਾਅਦ ਇਸ ਭਾਰਤੀ ਯਾਤਰੀ ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜਾਅਲੀ ਪਾਸਪੋਰਟ ਰਾਹੀਂ ਯੂਰਪ ਜਾਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਅਧਿਕਾਰੀਆਂ ਨੇ ਜਾਂਚ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਉਸ ਦੀ ਫੋਟੋ ਪਾਸਪੋਰਟ ਨਾਲ ਮੇਲ ਨਹੀਂ ਖਾਂਦੀ। ਇਸ ਵਿਅਕਤੀ ਦੀ ਪਛਾਣ ਮੋਗਾ ਦੇ ਹਰਜੀਤ ਸਿੰਘ ਵਜੋਂ ਹੋਈ ਜਿਸ ਨੇ ਖੁਲਾਸਾ ਕੀਤਾ ਕਿ ਉਸ ਨੇ ਬਲਦੇਵ ਸਿੰਘ ਨਾਂ ਦੇ ਏਜੰਟ ਨੂੰ ਵਿਦੇਸ਼ ਜਾਣ ਲਈ ਸੱਤ ਲੱਖ ਰੁਪਏ ਦਿੱਤੇ ਸਨ ਜਿਸ ਨੇ ਉਸ ਨੂੰ ਕਿਸੇ ਹੋਰ ਦੇ ਪਾਸਪੋਰਟ ਰਾਹੀਂ ਯੂਰਪ ਭੇਜਣ ਦਾ ਵਾਅਦਾ ਕੀਤਾ ਸੀ ਪਰ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਰਜੀਤ ਨੂੰ ਕਾਬੂ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਬਲਦੇਵ ਸਿੰਘ ਰੂਪੋਸ਼ ਹੋ ਗਿਆ, ਜਿਸ ਦੀ ਭਾਲ ਲਈ ਪੰਜਾਬ ਭਰ ਵਿੱਚ ਕਈ ਥਾਈਂ ਛਾਪੇ ਮਾਰੇ ਗਏ ਪਰ ਇਸ ਏਜੰਟ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਬਲਦੇਵ ਨੂੰ ਭਗੌੜਾ ਐਲਾਨਿਆ ਗਿਆ।