ਪੁਣੇ ਯੂਨੀਵਰਸਿਟੀ ਨਾਲ 2.46 ਕਰੋੜ ਦੀ ਠੱਗੀ, ਇੰਜੀਨੀਅਰ ਗ੍ਰਿਫ਼ਤਾਰ
ਪੁਲੀਸ ਰਿਲੀਜ਼ ਨੇ ਬੁੱਧਵਾਰ ਨੂੰ ਦੱਸਿਆ ਕਿ ਠੱਗ ਨੇ ਪੁਣੇ-ਅਧਾਰਿਤ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਆਈ.ਆਈ.ਟੀ. ਬੰਬੇ ਤੋਂ ਇੱਕ ਪ੍ਰੋਜੈਕਟ ਲੈਣ ਵਿੱਚ ਮਦਦ ਕਰਨ ਦਾ ਵਾਅਦਾ ਕੀਤਾ ਸੀ।
ਕਥਿਤ ਆਨਲਾਈਨ ਧੋਖਾਧੜੀ ਇਸ ਸਾਲ 25 ਜੁਲਾਈ ਤੋਂ 26 ਅਗਸਤ ਦੇ ਵਿਚਕਾਰ ਹੋਈ ਜਿਸ ਦੌਰਾਨ ਠੱਗ ਨੇ ਆਈ.ਆਈ.ਟੀ.ਬੀ. ਦੇ ਪ੍ਰੋਫੈਸਰ ਵਜੋਂ ਪੇਸ਼ ਹੋ ਕੇ ਯੂਨੀਵਰਸਿਟੀ ਨੂੰ ਵੱਖ-ਵੱਖ ਖਾਤਿਆਂ ਵਿੱਚ 2.46 ਕਰੋੜ ਟਰਾਂਸਫਰ ਕਰਵਾ ਕੇ ਠੱਗਿਆ।
ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦੀ ਇੱਕ ਟੀਮ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਸ਼ੱਕੀ ਵਿਅਕਤੀ ਨੂੰ ਫੜ੍ਹਿਆ, ਜਿਸ ਦੀ ਪਛਾਣ ਸੀਤੱਈਆ ਕਿਲਾਰੂ (34) ਵਾਸੀ ਯਪਰਾਲ ਹੈਦਰਾਬਾਦ, ਤੇਲੰਗਾਨਾ ਵਜੋਂ ਹੋਈ ਹੈ।
ਇੱਕ ਪੁਲੀਸ ਅਧਿਕਾਰੀ ਨੇ ਕਿਹਾ, ‘‘ਉਹ ਇਸ ਕੇਸ ਦਾ ਮਾਸਟਰਮਾਈਂਡ ਹੈ ਅਤੇ ਉਸਨੂੰ 21 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਤੇਲੰਗਾਨਾ ਤੋਂ ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਇੰਜੀਨੀਅਰ ਹੈ ਅਤੇ ਯੂਕੇ-ਅਧਾਰਿਤ ਯੂਨੀਵਰਸਿਟੀ ਤੋਂ ਪੀ.ਐਚ.ਡੀ. ਦੀ ਡਿਗਰੀ ਰੱਖਦਾ ਹੈ। ਜਾਂਚ ਦੌਰਾਨ, ਉਸ ਨੇ ਸਾਨੂੰ ਦੱਸਿਆ ਕਿ ਉਸਨੇ 2019-20 ਵਿੱਚ ਯੂ.ਪੀ.ਐਸ.ਸੀ. ਦੀ ਪ੍ਰੀਲਿਮ ਅਤੇ ਮੇਨਜ਼ ਪ੍ਰੀਖਿਆ ਪਾਸ ਕੀਤੀ ਸੀ।’’
ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਕਿਲਾਰੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸਨੂੰ 28 ਸਤੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। -ਪੀਟੀਆਈ