ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਵੱਲੋਂ ਮੁਰਮੂ ਨਾਲ ਮੁਲਾਕਾਤ
ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਇੱਥੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਪੁਲਾੜ ਵਿੱਚ ਆਪਣੇ ਤਜਰਬੇ ਸਾਂਝੇ ਕੀਤੇ। ਇਹ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਨੇ ਦਿੱਤੀ। ਸ਼ੁਕਲਾ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪੁਲਾੜ ਯਾਤਰੀ ਹਨ। ਉਹ ਹੋਰ ਸਾਥੀ ਪੁਲਾੜ ਯਾਤਰੀਆਂ ਨਾਲ ਐਕਸੀਓਮ ਮਿਸ਼ਨ-4 ਤਹਿਤ 20 ਦਿਨਾਂ ਦੀ ਪੁਲਾੜ ਯਾਤਰਾ ਕਰਨ ਤੋਂ ਬਾਅਦ ਪਿਛਲੇ ਮਹੀਨੇ ਧਰਤੀ ’ਤੇ ਪਰਤੇ ਹਨ।
ਰਾਸ਼ਟਰਪਤੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ, ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਅਤੇ ਗਰੁੱਪ ਕੈਪਟਨ ਪੁਨਿਆਸ਼ਲੋਕ ਬਿਸਵਾਲ, ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਤੇ ਪੁਲਾੜ ਵਿਭਾਗ ਦੇ ਸਕੱਤਰ ਵੀ ਨਾਰਾਇਣਨ ਅਤੇ ਮਨੁੱਖੀ ਪੁਲਾੜ ਉਡਾਣ ਕੇਂਦਰ ਦੇ ਡਾਇਰੈਕਟਰ ਦਿਨੇਸ਼ ਕੁਮਾਰ ਸਿੰਘ ਨੇ ਮੁਰਮੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੁਲਾੜ ਵਿਚਲੇ ਆਪਣੇ ਤਜਰਬੇ ਰਾਸ਼ਟਰਪਤੀ ਨਾਲ ਸਾਂਝੇ ਕੀਤੀ। ਪੋਸਟ ਵਿੱਚ ਲਿਖਿਆ ਹੈ, ‘‘ਰਾਸ਼ਟਰਪਤੀ ਨੇ ਪੂਰੀ ਟੀਮ ਨੂੰ ਭਵਿੱਖ ਦੀਆਂ ਕੋਸ਼ਿਸ਼ਾਂ, ਖ਼ਾਸ ਕਰ ਕੇ ਗਗਨਯਾਨ ਮਿਸ਼ਨ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।’’