ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕਰਵਾਉਣ ਲਈ ਪ੍ਰਦਰਸ਼ਨ

ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਪੀਡੀਪੀ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ; ਪੁਲੀਸ ਨੇ ਕਾਂਗਰਸੀਆਂ ਨੂੰ ਸਡ਼ਕ ’ਤੇ ਪ੍ਰਦਰਸ਼ਨ ਨਾ ਕਰਨ ਦਿੱਤਾ
ਸ੍ਰੀਨਗਰ ਦੇ ਲਾਲ ਚੌਕ ’ਤੇ ਭਾਜਪਾ ਵੱਲੋਂ ਕੱਢੀ ਤਿਰੰਗਾ ਰੈਲੀ ਦੌਰਾਨ ਤਾਇਨਾਤ ਸੁਰੱਖਿਆ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਵਰਕਰਾਂ ਨੇ ਰੋਸ ਪ੍ਰਗਟਾਇਆ। ਇਹ ਪ੍ਰਦਰਸ਼ਨ ਧਾਰਾ 370 ਤਹਿਤ ਪੁਰਾਣੇ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਖ਼ਿਲਾਫ਼ ਕੀਤੇ ਗਏ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ 2019 ਵਿੱਚ ਰੱਦ ਕਰ ਦਿੱਤਾ ਸੀ ਜਿਸ ਦੀ ਅੱਜ ਛੇਵੀਂ ਵਰ੍ਹੇਗੰਢ ਹੈ।

ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਨੇ ਜੰਮੂ-ਆਧਾਰਿਤ ਆਲ ਪਾਰਟੀਜ਼ ਯੂਨਾਈਟਿਡ ਮੋਰਚਾ (ਏਪੀਯੂਐਮ) ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਛੇਵੀਂ ਵਰ੍ਹੇਗੰਢ ਨੂੰ ਕਾਲੇ ਦਿਨ ਵਜੋਂ ਮਨਾਇਆ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ, ਸਾਬਕਾ ਮੰਤਰੀ ਲਾਲ ਸਿੰਘ ਅਤੇ ਤਰਨਜੀਤ ਸਿੰਘ ਟੋਨੀ ਨੇ ਕਿਹਾ ਕਿ ਭਾਜਪਾ ਨੇ ਜੰਮੂ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਖੋਹ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ‘ਹਮਾਰੀ ਰਿਆਸਤ, ਹਮਾਰਾ ਹੱਕ’ ਦਾ ਨਾਅਰਾ ਦੇ ਕੇ ਸੂਬੇ ਦਾ ਪੁਰਾਣਾ ਦਰਜਾ ਬਹਾਲ ਕਰਨ ਦੀ ਮੰਗ ਕੀਤੀ। ਕਾਂਗਰਸ ਪਾਰਟੀ ਦੇ ਜੰਮੂ-ਕਸ਼ਮੀਰ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰ ਰਾਹੀਂ ਚੁਣੀ ਗਈ ਸਰਕਾਰ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਉਪ ਰਾਜਪਾਲ ਮਨੋਜ ਸਿਨਹਾ ਦੇ ਦਫਤਰ ਤੋਂ ਰਿਮੋਟ ਕੰਟਰੋਲ ਰਾਹੀਂ ਸਾਰੇ ਕੰਮ ਕੀਤੇ ਜਾ ਰਹੇ ਹਨ।

Advertisement

ਕਾਂਗਰਸ ਪਾਰਟੀ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਅੱਜ ਇੱਥੇ ਸੜਕ ’ਤੇ ਧਰਨਾ ਦੇਣ ਦਾ ਪ੍ਰੋਗਰਾਮ ਸੀ ਜਿਸ ਨੂੰ ਪੁਲੀਸ ਨੇ ਨਾਕਾਮ ਕਰ ਦਿੱਤਾ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਦੀ ਅਗਵਾਈ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਇੱਥੇ ਐਮ ਏ ਰੋਡ ਸਥਿਤ ਪਾਰਟੀ ਦਫ਼ਤਰ ਵਿੱਚ ਇਕੱਠੇ ਹੋਏ ਅਤੇ ਦਫ਼ਤਰ ਦੇ ਬਾਹਰ ਮੁੱਖ ਸੜਕ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਬਾਹਰ ਜਾਣ ਤੋਂ ਰੋਕਦਿਆਂ ਪਾਰਟੀ ਦਫ਼ਤਰ ਦੇ ਗੇਟ ਨੂੰ ਤਾਲਾ ਲਾ ਦਿੱਤਾ।

 

ਭਾਜਪਾ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਰੱਦ ਕਰਨ ਦੀ ਵਰ੍ਹੇਗੰਢ ਮਨਾਈ

ਜੰਮੂ: ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਨੇ ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਧਾਰਾ 370 ਅਤੇ 35ਏ ਨੂੰ ਰੱਦ ਕਰਨ ਦੀ ਵਰ੍ਹੇਗੰਢ ਮੌਕੇ ਜਸ਼ਨ ਮਨਾਏ। ਭਾਜਪਾ ਆਗੂਆਂ ਨੇ ਕਿਹਾ ਕਿ ਇਸ ਨਾਲ ਖੇਤਰ ਦੇ ਹਰੇਕ ਨਾਗਰਿਕ ਨੂੰ ਬਰਾਬਰ ਦਾ ਹੱਕ ਤੇ ਮਾਣ ਮਿਲਿਆ ਹੈ। ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਸਤ ਸ਼ਰਮਾ ਨੇ ਅਖਨੂਰ ਵਿੱਚ ਇਕੱਠ ਨੂੰ ਕਿਹਾ ਕਿ ਧਾਰਾ 370 ਅਤੇ 35 ਏ ਨੂੰ ਰੱਦ ਕਰਨ ਨਾਲ ਜੰਮੂ-ਕਸ਼ਮੀਰ ਦੇ ਹਰ ਨਾਗਰਿਕ ਨੂੰ ਸੰਵਿਧਾਨਕ ਏਕਤਾ ਤੇ ਬਰਾਬਰ ਅਧਿਕਾਰ ਮਿਲਿਆ ਹੈ ਤੇ ਅਣਗੌਲੇ ਵਰਗਾਂ ਦਾ ਵਿਕਾਸ ਹੋਇਆ ਹੈ। -ਪੀਟੀਆਈ

 

5 ਅਗਸਤ ਪੂਰੇ ਦੇਸ਼ ਲਈ ਕਾਲਾ ਦਿਨ: ਮਹਿਬੂਬਾ

ਸ੍ਰੀਨਗਰ: ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ 5 ਅਗਸਤ ਪੂਰੇ ਦੇਸ਼ ਲਈ ਕਾਲਾ ਦਿਨ ਹੈ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨਾ ਦੇਸ਼ ਦੇ ਸੰਵਿਧਾਨਕ ਕਦਰਾਂ-ਕੀਮਤਾਂ ’ਤੇ ਵੱਡੇ ਹਮਲੇ ਦੀ ਸ਼ੁਰੂਆਤ ਸੀ। ਮਹਿਬੂਬਾ ਨੇ ਐਕਸ ’ਤੇ ਇੱਕ ਪੋਸਟ ਪਾ ਕੇ ਕਿਹਾ ਕਿ ਭਾਜਪਾ ਨੇ ਲੋਕਾਂ ਦੀ ਮੰਗ ਨੂੰ ਦਰਕਿਨਾਰ ਕਰਦਿਆਂ ਆਪਣਾ ਫੈਸਲਾ ਥੋਪਿਆ ਹੈ। ਇਸ ਫੈਸਲੇ ਨੇ ਸਥਾਨਕ ਲੋਕਾਂ ਤੋਂ ਉਨ੍ਹਾਂ ਦੇ ਹੱਕ ਖੋਹ ਲਏ ਹਨ।

 

Advertisement