ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ’ਚ ਵਿਦੇਸ਼ੀ ਕਾਮਿਆਂ ਖ਼ਿਲਾਫ਼ ਮੁਜ਼ਾਹਰੇ
ਬ੍ਰਿਸਬੇਨ/ਮੈਲਬਰਨ(ਹਰਜੀਤ ਲਸਾੜਾ/ਤੇਜਸ਼ਦੀਪ ਅਜਨੌਦਾ); ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਮਾਰਚ ਫਾਰ ਆਸਟਰੇਲੀਆ’ ਦੇ ਬੈਨਰ ਹੇਠ ਇਮੀਗਰੇਸ਼ਨ (ਵਿਦੇਸ਼ੀ ਕਾਮਿਆਂ) ਵਿਰੋਧੀ ਰੈਲੀਆਂ ਕੀਤੀਆਂ ਗਈਆਂ। ਆਸਟਰੇਲੀਆ ਦੇ ਲੋਕਾਂ ਨੇ ਮੁਲਕ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਉਣ ਅਤੇ ਸਰਕਾਰੀ ਇਮੀਗਰੇਸ਼ਨ ਨੀਤੀਆਂ ਵਿੱਚ ਤਬਦੀਲੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ। ਦੇਸ਼ ਭਰ ’ਚ ਹਜ਼ਾਰਾਂ ਲੋਕਾਂ ਨੇ ਤਖ਼ਤੀਆਂ ਤੇ ਆਸਟਰੇਲਿਆਈ ਝੰਡਿਆਂ ਨਾਲ ਆਵਾਜ਼ ਬੁਲੰਦ ਕੀਤੀ। ਕੁਝ ਥਾਵਾਂ ’ਤੇ ਮੁਜ਼ਾਹਰਾਕਾਰੀਆਂ ਦੀ ਵਿਦੇਸ਼ੀ ਕਾਮਿਆਂ ਦੇ ਹਮਾਇਤੀਆਂ ਨਾਲ ਝੜਪਾਂ ਵੀ ਹੋਈਆਂ।
ਬ੍ਰਿਸਬੇਨ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀ ਸਵੇਰੇ 11 ਵਜੇ ਤੋਂ ਰੋਮਾ ਸਟਰੀਟ ਪਾਰਕਲੈਂਡਜ਼ ਪਹੁੰਚਣੇ ਸ਼ੁਰੂ ਹੋਏ। ਫਿਰ ਵੱਡੀ ਭੀੜ ਸ਼ਹਿਰ ਦੇ ਕੇਂਦਰ ਵਿੱਚ ਕਿੰਗ ਜੌਰਜ ਸਕੁਏਅਰ, ਐਡੀਲੇਡ ਸਟਰੀਟ ਅਤੇ ਐਡਵਰਡ ਸਟਰੀਟਾਂ ਤੋਂ ਬੋਟੈਨਿਕ ਗਾਰਡਨ ਵੱਲ ਵਧੀ। ਰੈਲੀ ਵਿੱਚ ਅੰਦਾਜ਼ਨ 6000 ਲੋਕ ਸ਼ਾਮਲ ਹੋਏ। ਇਸ ਮੌਕੇ ਵਿਦੇਸ਼ੀ ਕਾਮਿਆਂ ਦੇ ਹਮਾਇਤੀ ਵੀ ਪਹੁੰਚੇ ਹੋਏ ਸਨ। ਸ਼ਹਿਰ ਭਰ ਵਿੱਚ ਵੱਡੀ ਗਿਣਤੀ ਪੁਲੀਸ ਤਾਇਨਾਤ ਹੋਣ ਦੇ ਬਾਵਜੂਦ ਦੁਪਹਿਰ ਦੇ ਕਰੀਬ ਰੋਮਾ ਸਟਰੀਟ ਪਾਰਕਲੈਂਡਜ਼ ’ਚ ਵਿਦੇਸ਼ੀ ਕਾਮਿਆਂ ਦੇ ਵਿਰੋਧੀਆਂ ਤੇ ਹਮਾਇਤੀਆਂ ਵਿਚਾਲੇ ਝੜਪ ਹੋ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਹੇਠ ਕੀਤੀ। ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿਡਨੀ ਵਿੱਚ ਰੋਸ ਰੈਲੀ ਬੈਲਮੋਰ ਪਾਰਕ ਤੋਂ ਸ਼ੁਰੂ ਹੋਈ ਅਤੇ ਵਿਕਟੋਰੀਆ ਪਾਰਕ ਵੱਲ ਗਈ। ਇਸ ਦੌਰਾਨ ‘ਸੈਂਡ ਦੈੱਮ ਬੈਕ’ (ਉਨ੍ਹਾਂ (ਵਿਦੇਸ਼ੀ ਕਾਮਿਆਂ) ਨੂੰ ਵਾਪਸ ਭੇਜੋ) ਦੇ ਨਾਅਰੇ ਵੀ ਲਗਾਏ ਗਏ। ਮੈਲਬਰਨ ਵਿੱਚ ਮੁਜ਼ਾਹਰਾ ਫਲਿੰਡਰਜ਼ ਸਟਰੀਟ ਸਟੇਸ਼ਨ ਤੋਂ ਸ਼ੁਰੂ ਹੋਇਆ ਅਤੇ ਪਾਰਲੀਮੈਂਟ ਹਾਊਸ ਵੱਲ ਗਿਆ। ਇੱਥੇ ਵੀ ਪੁਲੀਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਕੈਨਬਰਾ ਵਿੱਚ ਵਨ ਨੇਸ਼ਨ ਪਾਰਟੀ ਦੀ ਲੀਡਰ ਪੌਲੀਨ ਹੈਨਸਨ ਨੇ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ ਅਤੇ ਭਾਸ਼ਣ ਦਿੱਤਾ।
ਸਰਕਾਰ ਵੱਲੋਂ ਮੁਜ਼ਾਹਰੇ ਨਫਰਤ ਫੈਲਾਉਣ ਵਾਲੇ ਕਰਾਰ
ਸਿਡਨੀ/ਕੈਨਬਰਾ (ਗੁਰਚਰਨ ਸਿੰਘ ਕਾਹਲੋਂ/ਪੀਟੀਆਈ): ਸਰਕਾਰ ਨੇ ਵਿਦੇਸ਼ੀ ਕਾਮਿਆਂ ਖ਼ਿਲਾਫ਼ ਹੋਏ ਰੋਸ ਮੁਜ਼ਾਹਰਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਾਰਵਾਈ ਨਫ਼ਰਤ ਫੈਲਾਉਣ ਵਾਲੀ ਹੈ। ਸਰਕਾਰ ਨੇ ਆਸਟਰੇਲੀਆ ਵਿੱਚ ਭਾਰਤੀਆਂ ਦੀਆਂ ਵਧਦੀ ਆਮਦ ਖ਼ਿਲਾਫ਼ ਵੱਖ ਵੱਖ ਸ਼ਹਿਰਾਂ ’ਚ ਚਲਾਈਆਂ ਜਾ ਰਹੀਆਂ ਮੁਹਿੰਮਾਂ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਕਿ ‘ਨਸਲਵਾਦ ਤੇ ਜਾਤੀਵਾਦ ਆਧਾਰਿਤ ਇਸ ਕੱਟੜਪੰਥੀ ਸਰਗਰਮੀ’ ਲਈ ਦੇਸ਼ ’ਚ ਕੋਈ ਥਾਂ ਨਹੀਂ ਹੈ। ਸਰਕਾਰ ਨੇ ਕਿਹਾ ਕਿ ਐਂਥਨੀ ਅਲਬਨੀਜ਼ ਦੀ ਅਗਵਾਈ ਹੇਠਲੀ ਸਰਕਾਰ ਇਨ੍ਹਾਂ ਰੈਲੀਆਂ ਦੇ ਖ਼ਿਲਾਫ਼ ਡੱਟ ਕੇ ਖੜ੍ਹੀ ਹੈ। ਇਸ ਸਬੰਧੀ ਬਿਆਨ ’ਚ ਕਿਹਾ ਗਿਆ, ‘ਸਾਰੇ ਆਸਟਰੇਲਿਆਈ ਲੋਕਾਂ ਨੂੰ, ਭਾਵੇਂ ਉਨ੍ਹਾਂ ਦੀ ਵਿਰਾਸਤ ਕੁਝ ਵੀ ਹੋਵੇ, ਸਾਡੇ ਭਾਈਚਾਰੇ ’ਚ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ।’ ਬਿਆਨ ’ਚ ਗ੍ਰਹਿ ਮੰਤਰੀ ਟੋਨੀ ਬਰਕ ਦੇ ਹਵਾਲੇ ਨਾਲ ਕਿਹਾ ਗਿਆ, ‘ਸਾਡੇ ਦੇਸ਼ ’ਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ ਜੋ ਸਾਡੀ ਸਮਾਜਿਕ ਏਕਤਾ ਨੂੰ ਵੰਡਣਾ ਤੇ ਕਮਜ਼ੋਰ ਕਰਨਾ ਚਾਹੁੰਦੇ ਹਨ। ਇਸ ਤੋਂ ਘੱਟ ਆਸਟਰੇਲੀਆ ਕੁਝ ਵੀ ਨਹੀਂ ਹੋ ਸਕਦਾ।’ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਐਨੀ ਐਲੀ ਨੇ ਕਿਹਾ ਕਿ ਬਹੁ-ਸੱਭਿਆਚਾਰ ਉਨ੍ਹਾਂ ਦੀ ਕੌਮੀ ਪਛਾਣ ਦਾ ਇੱਕ ਅਨਿੱਖੜਵਾਂ ਤੇ ਮੁੱਲਵਾਨ ਹਿੱਸਾ ਹੈ।