ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੀ ਤਿੰਨ ਰੋਜ਼ਾ ਫੇਰੀ ਤੋਂ ਪਰਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਅਫਰੀਕਾ ਦੀ ਤਿੰਨ ਰੋਜ਼ਾ ਫੇਰੀ ਮਗਰੋਂ ਦੇਸ਼ ਪਰਤ ਆਏ ਹਨ। ਸ੍ਰੀ ਮੋਦੀ ਜੀ20 ਤੇ ਆਈਐੱਸਬੀਏ ਦੀਆਂ ਬੈਠਕਾਂ ਲਈ ਦੱਖਣੀ ਅਫ਼ਰੀਕਾ ਗਏ ਸਨ।
ਜੀ20 ਸਿਖਰ ਸੰਮੇਲਨ ਵਿਚ ਸ੍ਰੀ ਮੋਦੀ ਨੇ ਮਸਨੂਈ ਬੌਧਿਕਤਾ (AI) ਦੀ ਗ਼ਲਤ ਵਰਤੋਂ ਨੂੰ ਰੋਕਣ ਲਈ ਇਕ ਆਲਮੀ ਸਮਝੌਤੇ ਦੀ ਮੰਗ ਕੀਤੀ ਤੇ ਜ਼ਰੂਰੀ ਤਕਨਾਲੋਜੀ ਨੂੰ ਫਾਇਨਾਂਸ ਕੇਂਦਰਤ ਦੀ ਥਾਂ ਮਨੁੱਖਾਂ ਦੁਆਲੇ ਕੇਂਦਰਤ ਬਣਾਉਣ ’ਤੇ ਜ਼ੋਰ ਦਿੱਤਾ।
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸਫਲ ਜੌਹੈੱਨਸਬਰਗ G20 ਇੱਕ ਖੁਸ਼ਹਾਲ ਅਤੇ ਟਿਕਾਊ ਧਰਤੀ ਲਈ ਯੋਗਦਾਨ ਪਾਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਆਲਮੀ ਆਗੂਆਂ ਨਾਲ ਮੇਰੀਆਂ ਮੀਟਿੰਗਾਂ ਅਤੇ ਗੱਲਬਾਤ ਬਹੁਤ ਲਾਭਦਾਇਕ ਰਹੀਆਂ, ਜੋ ਵੱਖ-ਵੱਖ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਡੂੰਘਾ ਕਰਨਗੀਆਂ। ਮੈਂ ਦੱਖਣੀ ਅਫਰੀਕਾ ਦੇ ਸ਼ਾਨਦਾਰ ਲੋਕਾਂ, ਰਾਸ਼ਟਰਪਤੀ ਰਾਮਾਫੋਸਾ ਅਤੇ ਦੱਖਣੀ ਅਫਰੀਕਾ ਸਰਕਾਰ ਦਾ ਸੰਮੇਲਨ ਦੇ ਆਯੋਜਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ।’’
ਜੌਹੈੱਨਸਬਰਗ ਵਿੱਚ ਸ੍ਰੀ ਮੋਦੀ ਨੇ ਆਪਣੇ ਬ੍ਰਿਟਿਸ਼ ਹਮਰੁਤਬਾ ਕੀਰ ਸਟਾਰਮਰ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ-ਮਯੁੰਗ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ ਸਿਲਵਾ, ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਜਾਪਾਨ ਦੇ ਪ੍ਰਧਾਨ ਮੰਤਰੀ ਸਨੇ ਤਾਕਾਚੀ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨਾਲ ਮੁਲਾਕਾਤ ਕੀਤੀ।
