ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ20 ਸਿਖਰ ਸੰਮੇਲਨ ਲਈ ਦੱਖਣੀ ਅਫਰੀਕਾ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਰੋਜ਼ਾ ਫੇਰੀ ਲਈ ਦੱਖਣੀ ਅਫਰੀਕਾ ਰਵਾਨਾ ਹੋ ਗਏ। ਸ੍ਰੀ ਮੋਦੀ ਜੌਹੈੱਨਬਰਗ ਵਿਚ ਜੀ20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 'ਵਸੁਧੈਵ ਕੁਟੁੰਬਕਮ' ਅਤੇ ‘ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ’ ਦੇ ਦ੍ਰਿਸ਼ਟੀਕੋਣ ਅਨੁਸਾਰ ਫੋਰਮ ਵਿੱਚ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕਰਨਗੇ।
ਇਹ ਪਹਿਲੀ ਵਾਰ ਹੈ ਜਦੋਂ ਅਫ਼ਰੀਕੀ ਮਹਾਂਦੀਪ ਵਿਚ G20 ਸੰਮੇਲਨ ਹੋ ਰਿਹਾ ਹੈ। ਸ੍ਰੀ ਮੋਦੀ ਨੇ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣ ਮੌਕੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦੱਖਣੀ ਅਫ਼ਰੀਕਾ ਦੇ ਜੌਹੈੱਨਸਬਰਗ ਵਿੱਚ G20 ਸੰਮੇਲਨ ਵਿੱਚ ਸ਼ਾਮਲ ਹੋਵਾਂਗਾ। ਇਹ ਇੱਕ ਖਾਸ ਸੰਮੇਲਨ ਹੈ ਕਿਉਂਕਿ ਇਹ ਅਫ਼ਰੀਕਾ ਵਿੱਚ ਹੋ ਰਿਹਾ ਹੈ। ਉੱਥੇ ਵੱਖ-ਵੱਖ ਵਿਸ਼ਵ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਸੰਮੇਲਨ ਦੌਰਾਨ ਵੱਖ-ਵੱਖ ਆਲਮੀ ਆਗੂਆਂ ਨਾਲ ਮੁਲਾਕਾਤ ਕਰਾਂਗਾ।’
ਸ੍ਰੀ ਮੋਦੀ ਸਿਖਰ ਸੰਮੇਲਨ ਤੋਂ ਇਕਪਾਸੇ ਜੌਹੈੱਨਸਬਰਗ ਵਿੱਚ ਮੌਜੂਦ ਆਲਮੀ ਆਗੂਆਂ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ 6ਵੇਂ IBSA ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ।’’ ਉਹ ਦੱਖਣੀ ਅਫ਼ਰੀਕਾ ਦੀ ਪ੍ਰਧਾਨਗੀ ਹੇਠ ਹੋ ਰਹੇ 20ਵੇਂ G20 ਆਗੂਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੇ ਸੱਦੇ ’ਤੇ ਉੱਥੇ ਗਏ ਹਨ।
G20 ਦੀ ਵੈੱਬਸਾਈਟ ਅਨੁਸਾਰ, G20 ਮੈਂਬਰਾਂ ਵਿੱਚ ਦੁਨੀਆ ਦੇ ਪ੍ਰਮੁੱਖ ਅਰਥਚਾਰੇ ਸ਼ਾਮਲ ਹਨ, ਜੋ ਕਿ ਆਲਮੀ GDP ਦਾ 85 ਫੀਸਦ, ਕੌਮਾਂਤਰੀ ਵਪਾਰ ਦਾ 75 ਫੀਸਦ ਅਤੇ ਦੁਨੀਆ ਦੀ ਆਬਾਦੀ ਦਾ ਦੋ-ਤਿਹਾਈ ਹਿੱਸਾ ਹਨ। ਇਸ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਕੇ, ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਅਫਰੀਕੀ ਯੂਨੀਅਨ ਸ਼ਾਮਲ ਹਨ।
