ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਪੁੱਜੇ
PM Modi lands in Chinaਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤ ਸਾਲਾਂ ਤੋਂ ਵੱਧ ਸਮੇਂ ਦੇ ਵਕਫ਼ੇ ਤੋਂ ਬਾਅਦ ਅੱਜ ਚੀਨ ਪੁੱਜ ਗਏ ਹਨ। ਪ੍ਰਧਾਨ ਮੰਤਰੀ ਦੀ ਇਹ ਫੇਰੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਵਾਸ਼ਿੰਗਟਨ ਦੀਆਂ ਟੈਰਿਫ ਨੀਤੀਆਂ ਕਾਰਨ ਭਾਰਤ-ਅਮਰੀਕਾ ਸਬੰਧਾਂ ਵਿੱਚ ਅਚਾਨਕ ਗਿਰਾਵਟ ਆ ਗਈ ਹੈ।
ਮੋਦੀ ਪਹਿਲੀ ਸਤੰਬਰ ਨੂੰ ਸ਼ੰਘਾਈ ਕੋਪਰੇਸ਼ਨ ਆਰਗੇਨਾਈਜੇਸ਼ਨ (ਐਸਸੀਓ) ਦੇ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਆਏ ਹਨ। ਹਾਲਾਂਕਿ ਉਨ੍ਹਾਂ ਦੀ ਭਲਕੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਵਧੇਰੇ ਮਹੱਤਵ ਰੱਖਦੀ ਹੈ ਤੇ ਇਸ ਮੀਟਿੰਗ ’ਤੇ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਜਾਪਾਨ ਦਾ ਦੌਰਾ ਕੀਤਾ ਸੀ। ਮੋਦੀ ਵੱਲੋਂ ਇਸ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਕਈ ਹੋਰ ਆਗੂਆਂ ਨਾਲ ਦੁਵੱਲੀ ਗੱਲਬਾਤ ਕਰਨ ਦੀ ਵੀ ਉਮੀਦ ਹੈ।
ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਤੇ ਚੀਨੀ ਰਾਸ਼ਟਰਪਤੀ ਵੱਲੋਂ ਭਾਰਤ-ਚੀਨ ਆਰਥਿਕ ਸਬੰਧਾਂ ਬਾਰੇ ਗੱਲਬਾਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਚੀਨ ਦੀ ਫੇਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਵਿਸ਼ਵ ਆਰਥਿਕ ਵਿਵਸਥਾ ਵਿੱਚ ਸਥਿਰਤਾ ਲਿਆਉਣ ਲਈ ਭਾਰਤ ਅਤੇ ਚੀਨ ਲਈ ਇਕੱਠੇ ਮਿਲ ਕੇ ਕੰਮ ਕਰਨਾ ਅਹਿਮ ਹੈ।
ਜਾਣਕਾਰੀ ਅਨੁਸਾਰ ਸ੍ਰੀ ਮੋਦੀ ਉਸ ਵੇਲੇ ਚੀਨ ਦਾ ਦੌਰਾ ਕਰ ਰਹੇ ਹਨ ਜਦ ਦੁਨੀਆ ਦੇ ਕਈ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਕਸ ਨੀਤੀਆਂ ਨਾਲ ਜੂਝ ਰਹੇ ਹਨ। ਟਰੰਪ ਨੇ ਭਾਰਤ ’ਤੇ 50 ਫੀਸਦੀ ਤੇ ਚੀਨ ’ਤੇ 30 ਫੀਸਦੀ ਟੈਕਸ ਲਾਇਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਚੀਨ ਵਿਚ ਪਹਿਲੀ ਸਤੰਬਰ ਨੂੰ ਹੋਣ ਵਾਲੇ ਸੰਮੇਲਨ ਵਿਚ ਵੀਹ ਤੋਂ ਜ਼ਿਆਦਾ ਦੇਸ਼ਾਂ ਦੇ ਆਗੂ ਹਿੱਸਾ ਲੈਣਗੇ।