ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ; ਜਾਣੋ ਕੌਣ ਕਰੇਗਾ ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਸਵਾਗਤ
ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਉਨ੍ਹਾਂ ਪਤਵੰਤਿਆਂ ਦੀ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਪਠਾਨਕੋਟ ਅਤੇ ਗੁਰਦਾਸਪੁਰ ਹਵਾਈ ਅੱਡਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨਗੇ। ਇਹ ਨਾਂ ਪੰਜਾਬ ਦੇ ਮੁੱਖ ਸਕੱਤਰ ਨੂੰ ਭੇਜ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਉਨ੍ਹਾਂ ਪਤਵੰਤਿਆਂ ਲਈ ਵੀ ਇੱਕ ਵੱਖਰੀ ਸੂਚੀ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਦੋਵਾਂ ਹਵਾਈ ਅੱਡਿਆਂ ’ਤੇ ਪ੍ਰਧਾਨ ਮੰਤਰੀ ਨੂੰ ਵਿਦਾਈ ਦੇਣਗੇ।
ਪਠਾਨਕੋਟ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਾਲੇ ਵੀ.ਆਈ.ਪੀਜ਼ ਦੀ ਸੂਚੀ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸੂਬਾਈ ਮੰਤਰੀ ਅਮਨ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਕੋਰ ਕਮਾਂਡਰ ਲੈਫਟੀਨੈਂਟ ਜਨਰਲ ਚਾਂਦਪੁਰੀਆ, ਡੀਜੀਪੀ ਗੌਰਵ ਯਾਦਵ, ਡੀਸੀ ਪਠਾਨਕੋਟ ਆਦਿਤਿਆ ਉੱਪਲ, ਐੱਸਐੱਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਪੰਜਾਬ ਦੇ ਕਈ ਸਾਬਕਾ ਭਾਜਪਾ ਮੰਤਰੀ ਅਤੇ ਪਠਾਨਕੋਟ ਦੇ ਸਥਾਨਕ ਭਾਜਪਾ ਆਗੂ ਸ਼ਾਮਲ ਹਨ।
ਗੁਰਦਾਸਪੁਰ ਦੇ ਤਿੱਬੜੀ ਕੈਂਟ ਵਿਖੇ ਬਣੇ ਹੈਲੀਪੈਡ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਾਲੇ ਪ੍ਰਮੁੱਖ ਵੀ.ਆਈ.ਪੀਜ਼ ਵਿੱਚ ਰਾਜਪਾਲ ਕਟਾਰੀਆ, ਬਿੱਟੂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਕੇ.ਏ.ਪੀ. ਸਿਨਹਾ, ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ, ਸਟੇਸ਼ਨ ਕਮਾਂਡਰ ਵਿਕਰਮਜੀਤ ਸਿੰਘ ਕੋਛੜ ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਆਦਿਤਿਆ ਸ਼ਾਮਲ ਹਨ।
ਇਸ ਤੋਂ ਇਲਾਵਾ ਤਿੱਬੜੀ ਕੈਂਟ ਦੇ ਕਾਨਫਰੰਸ ਹਾਲ ਵਿੱਚ ਮੌਜੂਦ ਰਹਿਣ ਵਾਲੇ ਪਤਵੰਤਿਆਂ ਦੀਆਂ ਦੋ ਹੋਰ ਸੂਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ।