ਪ੍ਰਧਾਨ ਮੰਤਰੀ ਮੋਦੀ ਦਾ ਘਾਨਾ ਦੇ ਕੌਮੀ ਪੁਰਸਕਾਰ ਨਾਲ ਸਨਮਾਨ
ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤੇ ਸਹੀਬੱਧ
ਐਕਰਾ(ਘਾਨਾ), 3 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ‘ਉੱਤਮ ਸ਼ਾਸਨ ਹੁੁਨਰ ਤੇ ਪ੍ਰਭਾਵਸ਼ਾਲੀ ਆਲਮੀ ਅਗਵਾਈ’ ਲਈ ਘਾਨਾ ਦੇ ਕੌਮੀ ਸਨਮਾਨ ‘ਆਫੀਸਰ ਆਫ਼ ਦ ਆਰਡਰ ਆਫ ਦਿ ਸਟਾਰ ਆਫ ਘਾਨਾ’ ਨਾਲ ਨਿਵਾਜਿਆ ਗਿਆ ਹੈ। ਇਸ ਦੌਰਾਨ ਦੋਵਾਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਘਾਨਾ ਦੇ ਰਾਸ਼ਟਰਪਤੀ ਜੌਹਨ ਡਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਬੁੱਧਵਾਰ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਲਿਖਿਆ, ‘‘ ਦਿ ਆਫ਼ੀਸਰ ਆਫ ਦਿ ਆਰਡਰ ਆਫ ਦਿ ਸਟਾਰ ਆਫ ਘਾਨਾ’ ਨਾਲ ਸਨਮਾਨਿਤ ਹੋਣ ’ਤੇ ਮਾਣ ਮਹਿਸੂਸ ਕਰ ਰਿਹਾ ਹਾਂ।’’ ਸ੍ਰੀ ਮੋਦੀ ਨੇ ਸਨਮਾਨ ਸਵੀਕਾਰ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਲਈ ਬਹੁਤ ਮਾਣ ਤੇ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ, ‘‘ਮੈਂ 140 ਕਰੋੜ ਭਾਰਤੀਆਂ ਵੱਲੋਂ ਇਹ ਪੁਰਸਕਾਰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ।’’ ਉਨ੍ਹਾਂ ਇਸ ਸਨਮਾਨ ਨੂੰ ਦੋਵਾਂ ਮੁਲਕਾਂ ਦੇ ਨੌਜਵਾਨਾਂ ਦੀਆਂ ਇੱਛਾਵਾਂ ਤੇ ਸੁਨਹਿਰੇ ਭਵਿੱਖ, ਘਾਨਾ ਤੇ ਭਾਰਤ ਦਰਮਿਆਨ ਇਤਿਹਾਸਕ ਰਿਸ਼ਤਿਆਂ ਤੇ ਉਨ੍ਹਾਂ ਦੀਆਂ ਅਮੀਰ ਸਭਿਆਚਾਰਜਕ ਰਵਾਇਤਾਂ ਤੇ ਵੰਨ ਸੁਵੰਨਤਾ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਸਨਮਾਨ ਇਕ ਜ਼ਿੰਮੇਵਾਰੀ ਦੀ ਦਿੰਦਾ ਹੈ ਤੇ ਇਹ ਜ਼ਿੰਮੇਵਾਰੀ ਭਾਰਤ-ਘਾਨਾ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਦੀ ਹੈ। ਭਾਰਤ ਘਾਨਾ ਦੇ ਲੋਕਾਂ ਨਾਲ ਹਮੇਸ਼ਾ ਖੜ੍ਹਾ ਹੈ ਤੇ ਇਕ ਭਰੋਸੇਮੰਦ ਦੋਸਤ ਤੇ ਤਰੱਕੀ ਵਿਚ ਭਾਈਵਾਲ ਵਜੋਂ ਯੋਗਦਾਨ ਪਾਉਣਾ ਜਾਰੀ ਰੱਖੇਗਾ।’’ ਪ੍ਰਧਾਨ ਮੰਤਰੀ ਮੋਦੀ ਦੀ ਘਾਨਾ ਦੀ ਇਹ ਪਹਿਲਾ ਦੁਵੱਲੀ ਫੇਰੀ ਹੈ ਤੇ ਤਿੰਨ ਦਹਾਕਿਆਂ ਵਿਚ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਘਾਨਾ ਯਾਤਰਾ ਹੈ। -ਪੀਟੀਆਈ