ਪ੍ਰਧਾਨ ਮੰਤਰੀ ਮੋਦੀ ਦੋ ਰੋਜ਼ਾ ਫੇਰੀ ਲਈ ਟੋਕੀਓ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੋ ਰੋਜ਼ਾ ਫੇਰੀ ਲਈ ਟੋਕੀਓ ਪਹੁੰਚ ਗਏ ਹਨ, ਜਿੱਥੇ ਉਹ ਆਪਣੇ ਜਾਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਨਾਲ ਸਿਖਰ ਵਾਰਤਾ ਕਰਨਗੇ।
ਵਿਦੇਸ਼ ਮੰਤਰਾਲੇ ਨੇ X 'ਤੇ ਇੱਕ ਪੋਸਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ, ਜਾਪਾਨ ਪਹੁੰਚੇ ਹਨ। ਪ੍ਰਧਾਨ ਮੰਤਰੀ ਭਾਰਤ-ਜਾਪਾਨ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਸ਼ਾਮ ਨੂੰ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨਾਲ ਵਿਆਪਕ ਚਰਚਾ ਕਰਨਗੇ।’’ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਆਪਣੇ ਰਵਾਨਗੀ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਜਾਪਾਨ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਸੱਭਿਅਤਾ ਦੇ ਬੰਧਨਾਂ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੋਵੇਗੀ। ਜਾਪਾਨ ਦੀ ਆਪਣੀ ਦੋ ਰੋਜ਼ਾ (29 ਤੋਂ 30 ਅਗਸਤ ਤੱਕ) ਯਾਤਰਾ ਦੌਰਾਨ, ਮੋਦੀ ਆਪਣੇ ਜਾਪਾਨੀ ਹਮਰੁਤਬਾ ਇਸ਼ੀਬਾ ਨਾਲ ਸਿਖਰ ਵਾਰਤਾ ਕਰਨਗੇ।
ਸ੍ਰੀ ਮੋਦੀ ਨੇ ਕਿਹਾ, ‘‘ਅਸੀਂ ਆਪਣੀ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਦੇ ਅਗਲੇ ਪੜਾਅ ਨੂੰ ਆਕਾਰ ਦੇਣ ’ਤੇ ਧਿਆਨ ਕੇਂਦਰਿਤ ਕਰਾਂਗੇ, ਜਿਸ ਨੇ ਪਿਛਲੇ 11 ਸਾਲਾਂ ਵਿੱਚ ਸਥਿਰ ਅਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਆਪਣੇ ਸਹਿਯੋਗ ਨੂੰ ਨਵੇਂ ਖੰਭ ਦੇਣ, ਆਪਣੇ ਆਰਥਿਕ ਅਤੇ ਨਿਵੇਸ਼ ਸਬੰਧਾਂ ਦੇ ਦਾਇਰੇ ਅਤੇ ਇੱਛਾਵਾਂ ਦਾ ਵਿਸਤਾਰ ਕਰਨ, ਅਤੇ ਏਆਈ ਅਤੇ ਸੈਮੀਕੰਡਕਟਰ ਸਮੇਤ ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ।’’ ਸ੍ਰੀ ਮੋਦੀ ਜਾਪਾਨ ਤੋਂ 31 ਅਗਸਤ ਅਤੇ 1 ਸਤੰਬਰ ਨੂੰ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੋ ਦਿਨਾਂ ਦੌਰੇ ’ਤੇ ਚੀਨ ਜਾਣਗੇ। -ਪੀਟੀਆਈ