ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰਧਾਨ ਮੰਤਰੀ ਨੇ ਝੂਠ ਬੋਲ ਕੇ ਲੋਕਾਂ ਨੂੰ ਧੋਖੇ ’ਚ ਰੱਖਿਆ: ਖੜਗੇ

ਕੇਂਦਰ ਤੇ ਨਰਿੰਦਰ ਮੋਦੀ ਖ਼ਿਲਾਫ਼ ਭੜਾਸ ਕੱਢੀ; ਭਾਜਪਾ ਦੀ ਸੌ ਦਿਨਾ ਯੋਜਨਾ ਨੂੰ ਪ੍ਰਚਾਰ ਦਾ ਜ਼ਰੀਆ ਦੱਸਿਆ
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 2 ਨਵੰਬਰ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਾਂਗਰਸ ’ਤੇ ਝੂਠੇ ਵਾਅਦੇ ਕਰਨ ਵਾਲੀਆਂ ਟਿੱਪਣੀਆਂ ’ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਮੋਦੀ ਸਰਕਾਰ ’ਤੇ ਘਟੀਆ ਰਾਜਨੀਤੀ ਖੇਡਣ ਤੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਦੀ 100 ਦਿਨਾਂ ਦੀ ਯੋਜਨਾ ਸਿਰਫ਼ ਪ੍ਰਚਾਰ ਕਰਨ ਦਾ ਹੀ ਢੰਗ ਹੈ, ਜਦਕਿ ਇਸ ਸਰਕਾਰ ਵਿੱਚ ਸਾਰਥਿਕਤਾ ਅਤੇ ਪ੍ਰਮਾਣਿਕਤਾ ਦੀ ਘਾਟ ਹੈ। ਉਨ੍ਹਾਂ ਭਾਜਪਾ ਨੂੰ 2 ਕਰੋੜ ਨੌਕਰੀਆਂ ਦੇ ਵਾਅਦੇ ਤੇ ਸੇਬੀ ਦੀ ਚੇਅਰਪਰਸਨ ਸਬੰਧੀ ਵਿਵਾਦ ਬਾਰੇ ਵੀ ਸਵਾਲ ਕੀਤੇ।

ਕਾਂਗਰਸ ਪਾਰਟੀ ਦੇ ਮੁਖੀ ਨੇ 2047 ਦੇ ਰੋਡਮੈਪ ਲਈ 20 ਲੱਖ ਤੋਂ ਵੱਧ ਲੋਕਾਂ ਤੋਂ ਰਾਏ ਲੈਣ ਦੇ ਸਰਕਾਰ ਦੇ ਦਾਅਵੇ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਣਕਾਰੀ ਮੰਗੀ ਗਈ ਸੀ ਪਰ ਇਸ ਦਫ਼ਤਰ ਨੇ ਇਸ ਸਬੰਧੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਸ੍ਰੀ ਖੜਗੇ ਨੇ ਕਿਹਾ ਕਿ ਭਾਜਪਾ ਵਿੱਚ ‘ਬੀ’ ਅੱਖਰ ਦਾ ਅਰਥ ਧੋਖਾ ਤੇ ‘ਜੇ’ ਅੱਖਰ ਦਾ ਅਰਥ ਜੁਮਲਾ (ਝੂਠੇ ਵਾਅਦੇ) ਹੈ ਤੇ ਇਸ ਸਰਕਾਰ ਨੇ ਲੋਕਾਂ ਨੂੰ ਝੂਠੇ ਵਾਅਦੇ ਕਰ ਕੇ ਧੋਖੇ ਵਿਚ ਰੱਖਿਆ ਹੈ।

ਇਸ ਤੋਂ ਪਹਿਲਾਂ ਖੜਗੇ ਨੇ ਕਰਨਾਟਕ ਇਕਾਈ ਨੂੰ ਵਿੱਤੀ ਜ਼ਿੰਮੇਵਾਰੀ ਬਾਰੇ ਸਲਾਹ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਬਜਟ ਨੂੰ ਦੇਖ ਕੇ ਹੀ ਗਾਰੰਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਸੂਬਾ ਵਾਸੀਆਂ ਨਾਲ ਝੂਠੇ ਵਾਅਦੇ ਕਰਨ ਦੇ ਦੋਸ਼ ਲਾਏ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ’ਤੇ ਕੇਂਦਰੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਰਾਖਵਾਂਕਰਨ ਦਾ ਹੱਕ ਖੋਹਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਆਰਟੀਆਈ ਵਿਚ ਖੁਲਾਸਾ ਹੋਇਆ ਹੈ ਕਿ 46 ਕੇਂਦਰੀ ਯੂਨੀਵਰਸਿਟੀਆਂ ਵਿੱਚ 18,940 ਅਸਾਮੀਆਂ ਵਿੱਚੋਂ 27 ਫੀਸਦੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਅਨੁਸੂਚਿਤ ਜਾਤੀਆਂ (ਐਸਸੀ), ਅਨੁਸੂਚਿਤ ਕਬੀਲਿਆਂ (ਐਸਟੀ) ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ) ਲਈ ਰਾਖਵੀਆਂ 38 ਫੀਸਦੀ ਤੋਂ ਵੱਧ ਸੀਟਾਂ ਖਾਲੀ ਪਈਆਂ ਹਨ।

ਮੋਦੀ ਬਾਰੇ ਸੋਚ-ਸਮਝ ਕੇ ਗੱਲ ਕਰਨ ਸਿੱਧਾਰਮੱਈਆ: ਜੋਸ਼ੀ

ਹੁਬਲੀ: ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸੋਚ-ਸਮਝ ਕੇ ਗੱਲ ਕਰਨ। ਗਾਰੰਟੀ ਯੋਜਨਾਵਾਂ ਬਾਰੇ ਪ੍ਰਧਾਨ ਮੰਤਰੀ ਖ਼ਿਲਾਫ਼ ਬਿਆਨ ਦੇਣ ਤੋਂ ਔਖੇ ਹੋਏ ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਬੁਨਿਆਦੀ ਤਹਿਜ਼ੀਬ ਵੀ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਖ਼ਿਲਾਫ਼ ਇਤਰਾਜ਼ਯੋਗ ਬਿਆਨਾਂ ਨਾਲ ਕਾਂਗਰਸ ਪਾਰਟੀ ਦੀ ਨਿਰਾਸ਼ਾ ਝਲਕਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਗਾਰੰਟੀ ਯੋਜਨਾ ’ਚ ਬਦਲਾਅ ਦੀ ਗੱਲ ਆਖੀ ਹੈ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਆਖ ਚੁੱਕੇ ਹਨ ਕਿ ਉਹ ਅਜਿਹੇ ਵਾਅਦੇ ਨਾ ਕਰਨ ਜੋ ਪੂਰੇ ਨਾ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ ਅਤੇ ਸਰਕਾਰ ਦਾ ਦੀਵਾਲਾ ਨਿਕਲ ਗਿਆ ਹੈ। ਇਸ ਤੋਂ ਪਹਿਲਾਂ ਸਿੱਧਾਰਮੱਈਆ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੀ ਤਰੱਕੀ ਅਤੇ ਗਾਰੰਟੀ ਯੋਜਨਾਵਾਂ ਦੀ ਸਫ਼ਲਤਾ ਨੂੰ ਸਮਝਣ ਦੀ ਬਜਾਏ ਮਾੜੇ ਸਿਆਸਤਦਾਨ ਵਾਂਗ ਕਰਨਾਟਕ ਅਤੇ ਕੰਨੜ ਲੋਕਾਂ ਦਾ ਅਪਮਾਨ ਕਰ ਰਹੇ ਹਨ। -ਆਈਏਐੱਨਐੱਸ

Advertisement