ਵੇਰਕਾ ਦੁੱਧ ਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹੁਣ ਵੇਰਕਾ ਦੁੱਧ ਦੀਆਂ ਸੋਧੀਆਂ ਹੋਈਆਂ ਕੀਮਤਾਂ 22 ਸਤੰਬਰ ਸਵੇਰ ਤੋਂ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੀਮਤਾਂ ਵਿੱਚ ਕਟੌਤੀ ਭਾਰਤ ਸਰਕਾਰ ਦੇ ਜੀ ਐੱਸ ਟੀ 2.0 ਸੁਧਾਰਾਂ ਮੁਤਾਬਕ ਹੋਵੇਗੀ, ਜਿਸ ਤਹਿਤ ਡੇਅਰੀ ਉਤਪਾਦਾਂ ’ਤੇ ਟੈਕਸ ਘਟਾਏ ਗਏ ਹਨ। ਚੇਤੇ ਰਹੇ ਕਿ ਅਮੁੱਲ ਉਤਪਾਦਾਂ ਅਤੇ ਮਦਰ ਡੇਅਰੀ ਦੇ ਉਤਪਾਦਾਂ ਦੀ ਕੀਮਤ ਵਿੱਚ ਕਟੌਤੀ ਥੋੜੇ ਦਿਨ ਪਹਿਲਾਂ ਐਲਾਨੀ ਗਈ ਸੀ। ਨਿੱਜੀ ਅਤੇ ਸਹਿਕਾਰੀ ਦੁੱਧ ਉਤਪਾਦਾਂ ’ਚ ਕਟੌਤੀ 22 ਸਤੰਬਰ ਤੋਂ ਹੀ ਲਾਗੂ ਹੋਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਰਕਾ ਘਿਓ 30 ਤੋਂ 35 ਰੁਪਏ ਪ੍ਰਤੀ ਲਿਟਰ/ਕਿੱਲੋਗ੍ਰਾਮ ਖ਼ਪਤਕਾਰਾਂ ਨੂੰ ਸਸਤਾ ਮਿਲੇਗਾ। ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿੱਲੋਗ੍ਰਾਮ, ਅਨਸਾਲਟੇਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿੱਲੋਗ੍ਰਾਮ, ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿੱਲੋਗ੍ਰਾਮ ਅਤੇ ਯੂ ਐੱਚ ਟੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲਿਟਰ ਘਟਾਈ ਗਈ ਹੈ। ਸ੍ਰੀ ਮਾਨ ਨੇ ਕਿਹਾ ਕਿ ਆਈਸ ਕਰੀਮ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 10 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਪਨੀਰ ਦੀ ਕੀਮਤ ਵੀ 15 ਰੁਪਏ ਪ੍ਰਤੀ ਕਿੱਲੋਗ੍ਰਾਮ ਘਟਾਈ ਗਈ ਹੈ।