ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ

ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ; ਵਿਧਾਨ ਸਭਾ ਮੁਅੱਤਲ ਰੱਖਣ ਦਾ ਫ਼ੈਸਲਾ
ਰਾਸ਼ਟਰਪਤੀ ਰਾਜ ਲੱਗਣ ਮਗਰੋਂ ਮਨੀਪੁਰ ’ਚ ਤਾਇਨਾਤ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

* ਉੱਤਰ-ਪੂਰਬੀ ਸੂਬੇ ’ਚ ਭਾਰੀ ਸੁਰੱਖਿਆ ਬਲ ਤਾਇਨਾਤ

ਨਵੀਂ ਦਿੱਲੀ, 13 ਫਰਵਰੀ

Advertisement

ਮੁੱਖ ਮੰਤਰੀ ਐੱਨ ਬੀਰੇਨ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਚਾਰ ਦਿਨਾਂ ਮਗਰੋਂ ਹਿੰਸਾ ਦੇ ਝੰਬੇ ਮਨੀਪੁਰ ’ਚ ਅੱਜ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਹੈ। ਉੱਤਰ ਪੂਰਬੀ ਸੂਬੇ ’ਚ ਸਿਆਸੀ ਬੇਯਕੀਨੀ ਦੇ ਮਾਹੌਲ ਦੌਰਾਨ ਹੀ ਵਿਧਾਨ ਸਭਾ ਨੂੰ ਮੁਅੱਤਲ ਰੱਖਿਆ ਗਿਆ ਹੈ ਜਦਕਿ ਵਿਧਾਨ ਸਭਾ ਦੀ ਮਿਆਦ 2027 ਤੱਕ ਹੈ। ਰਾਜਪਾਲ ਅਜੈ ਕੁਮਾਰ ਭੱਲਾ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਰਿਪੋਰਟ ਭੇਜੇ ਜਾਣ ਮਗਰੋਂ ਉਥੇ ਕੇਂਦਰੀ ਰਾਜ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਮੰਨਣਾ ਹੈ ਕਿ ਮਨੀਪੁਰ ’ਚ ਅਜਿਹੇ ਹਾਲਾਤ ਪੈਦਾ ਹੋ ਗਏ ਸਨ ਕਿ ਸੂਬਾ ਸਰਕਾਰ ਸੰਵਿਧਾਨ ਮੁਤਾਬਕ ਨਹੀਂ ਚੱਲ ਸਕਦੀ ਸੀ। ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ ਸੰਵਿਧਾਨ ਦੀ ਧਾਰਾ 356 ਤਹਿਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਨੀਪੁਰ ’ਚ ਸਾਰੀਆਂ ਤਾਕਤਾਂ ਰਾਜਪਾਲ ਨੂੰ ਸੌਂਪੀਆਂ ਗਈਆਂ ਹਨ। ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਭਾਜਪਾ ਸਰਬਸੰਮਤੀ ਨਾਲ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਤੈਅ ਕਰਨ ’ਚ ਨਾਕਾਮ ਰਹੀ ਹੈ। ਭਾਜਪਾ ਆਗੂ ਅਤੇ ਮਨੀਪੁਰ ’ਚ ਪਾਰਟੀ ਮਾਮਲਿਆਂ ਦੇ ਇੰਚਾਰਜ ਸੰਬਿਤ ਪਾਤਰਾ ਨੇ ਵਿਧਾਇਕਾਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ ਸੀ ਪਰ ਉਹ ਕਿਸੇ ਸਿੱਟੇ ’ਤੇ ਨਹੀਂ ਪੁੱਜ ਸਕੇ ਸਨ। ਇਸ ਦੌਰਾਨ ਮਨੀਪੁਰ ਖਾਸ ਕਰਕੇ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ’ਚ ਸੁਰੱਖਿਆ ਬਲਾਂ ਨੇ ਚੌਕਸੀ ਵਧਾ ਦਿੱਤੀ ਹੈ, ਜਵਾਨਾਂ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਹਨ। ਅਰਾਮਬਾਈ ਤੇਨਗੌਲ ਗਰੁੱਪ ਦੇ ਕਾਡਰ ਵੱਲੋਂ ਇੰਫਾਲ ਘਾਟੀ ਦੇ ਇਲਾਕਿਆਂ ’ਚ ਪੁਲੀਸ ’ਤੇ ਹਮਲੇ ਕੀਤੇ ਗਏ ਹਨ ਜਿਸ ਕਰਨ ਉਥੇ ਸੁਰੱਖਿਆ ਬਲਾਂ ਦੇ ਜਵਾਨ ਵੱਡੀ ਗਿਣਤੀ ’ਚ ਤਾਇਨਾਤ ਕੀਤੇ ਗਏ ਹਨ। ਅਸਾਮ ਰਾਈਫਲਜ਼ ਅਤੇ ਹੋਰ ਨੀਮ ਫੌਜੀ ਬਲਾਂ ਵੱਲੋਂ ਇੰਫਾਲ ਸਿਟੀ ’ਚ ਫਲੈਗ ਮਾਰਚ ਕੀਤੇ ਗਏ। -ਪੀਟੀਆਈ

ਕੇਂਦਰ ਨੇ ਫ਼ੈਸਲਾ ਲੈਣ ਵਿੱਚ ਦੇਰੀ ਕੀਤੀ: ਕਾਂਗਰਸ

ਨਵੀਂ ਦਿੱਲੀ:

ਕਾਂਗਰਸ ਨੇ ਮਨੀਪੁਰ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ’ਚ ਦੇਰੀ ਲਈ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਪਿਛਲੇ 20 ਮਹੀਨਿਆਂ ਤੋਂ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਮਨੀਪੁਰ ’ਚ ਸਮਾਜਿਕ ਤਾਣਾ-ਬਾਣਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਾਂ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਭਾਜਪਾ ਅਤੇ ਉਸ ਦੇ ਭਾਈਵਾਲਾਂ ਨੂੰ 2022 ’ਚ ਮਨੀਪੁਰ ’ਚ ਬਹੁਮਤ ਮਿਲਿਆ ਸੀ ਪਰ ਉਨ੍ਹਾਂ ਦੀ ਸਿਆਸਤ ਕਾਰਨ 15 ਮਹੀਨਿਆਂ ਮਗਰੋਂ ਉਥੇ ਰਾਸ਼ਟਰਪਤੀ ਰਾਜ ਲਾਗੂ ਕਰਨਾ ਪੈ ਗਿਆ। ਉਧਰ ਸੀਪੀਐੱਮ ਦੀ ਮਨੀਪੁਰ ਇਕਾਈ ਨੇ ਮੰਗ ਕੀਤੀ ਹੈ ਕਿ ਸੂਬੇ ’ਚ ਰਾਸ਼ਟਰਪਤੀ ਰਾਜ ਹਟਾ ਕੇ ਉਥੇ ਤੁਰੰਤ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ। -ਪੀਟੀਆਈ

Advertisement