ਰਾਸ਼ਟਰਪਤੀ ਮੁਰਮੂ ਅੰਗੋਲਾ ਅਤੇ ਬੋਤਸਵਾਨਾ ਦੇ ਦੌਰੇ ਲਈ ਰਵਾਨਾ !
President Murmu visit:ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਫਰੀਕੀ ਦੇਸ਼ਾਂ ਅੰਗੋਲਾ (Angola) ਅਤੇ ਬੋਤਸਵਾਨਾ (Botswana) ਦੇ ਛੇ ਦਿਨਾਂ ਦੇ ਸਰਕਾਰੀ ਦੌਰੇ ’ਤੇ ਰਵਾਨਾ ਹੋ ਗਏ ਹਨ। ਇਸ ਦੌਰੇ ਦਾ ਮਕਸਦ ਇਨ੍ਹਾਂ ਦੋਹਾਂ ਦੇਸ਼ਾਂ ਨਾਲ ਭਾਰਤ ਦੀ ਸਾਂਝੇਦਾਰੀ ਨੂੰ ਵਧਾਉਣਾ ਅਤੇ ਸਹਿਯੋਗ ਦੇ ਨਵੇਂ ਰਾਹ ਖੋਲ੍ਹਣਾ ਹੈ। ਇਹ ਕਿਸੇ ਵੀ ਭਾਰਤੀ ਰਾਸ਼ਟਰ ਮੁਖੀ ਦਾ ਇਨ੍ਹਾਂ ਦੋਹਾਂ ਦੇਸ਼ਾਂ ਦਾ ਪਹਿਲਾ ਸਰਕਾਰੀ ਦੌਰਾ ਹੈ।
ਰਾਸ਼ਟਰਪਤੀ ਮੁਰਮੂ ਅੰਗੋਲਾ ਦੀ ਰਾਜਧਾਨੀ ਲੁਆਂਡਾ ਪਹੁੰਚਣਗੇ। ਉਹ ਆਪਣੇ ਅੰਗੋਲਾਈ ਹਮਰੁਤਬਾ ਜੋਆਓ ਮੈਨੂਅਲ ਗੋਂਕਾਲਵੇਸ ਲੌਰੇਂਕੋ (Joao Manuel Goncalves Lourenco) ਨਾਲ ਗੱਲਬਾਤ ਕਰਨਗੇ।
ਉਹ ਅੰਗੋਲਾ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਵੀ ਹਿੱਸਾ ਲੈਣਗੇ ਅਤੇ ਉੱਥੋਂ ਦੀ ਸੰਸਦ ਨੂੰ ਸੰਬੋਧਨ ਕਰਨਗੇ। ਇਸ ਸਾਲ ਭਾਰਤ ਅਤੇ ਅੰਗੋਲਾ ਆਪਣੇ ਕੂਟਨੀਤਕ ਸਬੰਧਾਂ ਦੀ 40ਵੀਂ ਵਰ੍ਹੇਗੰਢ ਮਨਾ ਰਹੇ ਹਨ।
ਉਹ ਬੋਤਸਵਾਨਾ ਦੀ ਰਾਜਧਾਨੀ ਗੇਬਰੋਨ ਵਿੱਚ ਆਪਣੇ ਹਮਰੁਤਬਾ ਡੂਮਾ ਗਿਡੀਓਨ ਬੋਕੋ ਨੂੰ ਮਿਲਣਗੇ। ਉਹ ਉੱਥੋਂ ਦੀ ਰਾਸ਼ਟਰੀ ਅਸੈਂਬਲੀ ਨੂੰ ਵੀ ਸੰਬੋਧਨ ਕਰਨਗੇ।ਇਸ ਦੌਰੇ ਨਾਲ ਖੇਤੀਬਾੜੀ, ਸਿਹਤ, ਊਰਜਾ, ਵਪਾਰ, ਨਿਵੇਸ਼, ਤਕਨਾਲੋਜੀ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਰੱਖਿਆ ਸਮੇਤ ਕਈ ਖੇਤਰਾਂ ਵਿੱਚ ਭਾਰਤ ਅਤੇ ਇਨ੍ਹਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣਗੇ।
