ਰਾਸ਼ਟਰਪਤੀ ਮੁਰਮੂ ਨੇ ਰਾਫੇਲ ਵਿੱਚ ਭਰੀ ਉਡਾਣ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਅੰਬਾਲਾ ਏਅਰ ਫੋਰਸ ਸਟੇਸ਼ਨ ਤੋਂ ਲੜਾਕੂ ਜੈੱਟ ਰਾਫੇਲ ਵਿੱਚ ਉਡਾਣ ਭਰ ਕੇ ਇਤਿਹਾਸ ਸਿਰਜ ਦਿੱਤਾ। ਉਹ ਹਵਾਈ ਸੈਨਾ ਦੇ ਦੋ ਵੱਖੋ ਵੱਖਰੇ ਲੜਾਕੂ ਜਹਾਜ਼ਾਂ ਵਿੱਚ ਉਡਾਣ ਭਰਨ ਵਾਲੀ ਮੁਲਕ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ 2023 ਵਿੱਚ ਅਸਾਮ ਦੇ ਤੇਜ਼ਪੁਰ ਤੋਂ ਸੁਖੋਈ-30 ਐੱਮ ਕੇ ਆਈ ਜੈੱਟ ਵਿੱਚ ਉਡਾਣ ਭਰੀ ਸੀ।
ਭਾਰਤੀ ਫੌਜ ਦੀ ਕਮਾਂਡਰ-ਇਨ-ਚੀਫ ਰਾਸ਼ਟਰਪਤੀ ਮੁਰਮੂ ਨੇ ਲਗਭਗ 30 ਮਿੰਟ ਤੱਕ ਰਾਫੇਲ ਵਿੱਚ ਉਡਾਣ ਭਰੀ ਜੋ ਲਗਭਗ 200 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਮੁੜ ਅੰਬਾਲਾ ਸਟੇਸ਼ਨ ਉੱਤੇ ਉਤਰਿਆ। ਜੈੱਟ ਨੂੰ 17 ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਮਿਤ ਗੇਹਾਨੀ ਵੱਲੋਂ ਉਡਾ ਰਹੇ ਸਨ। ਰਾਫੇਲ ਨੇ ਸਮੁੰਦਰ ਤਲ ਤੋਂ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ਅਤੇ 700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੁੱਖ ਮਹਿਮਾਨ ਵਾਲੀ ਡਾਇਰੀ ਵਿੱਚ ਲਿਖਿਆ, ‘‘ਰਾਫੇਲ ’ਚ ਉਡਾਣ ਮੇਰੇ ਲਈ ਨਾਭੁੱਲਣਯੋਗ ਤਜਰਬਾ ਰਿਹਾ। ਰਾਫੇਲ ਜਹਾਜ਼ ਦੀ ਉਡਾਣ ਨਾਲ ਮੇਰੇ ਮਨ ਵਿੱਚ ਰਾਸ਼ਟਰ ਦੀ ਰੱਖਿਆ ਸਮਰੱਥਾ ਪ੍ਰਤੀ ਨਵਾਂ ਮਾਣ-ਸਨਮਾਨ ਪੈਦਾ ਹੋਇਆ ਹੈ।’’ ਉਨ੍ਹਾਂ ਹਵਾਈ ਸੈਨਾ ਅਤੇ ਅੰਬਾਲਾ ਏਅਰ ਫੋਰਸ ਸਟੇਸ਼ਨ ਦੀ ਟੀਮ ਨੂੰ ਉਡਾਣ ਦੇ ਸਫ਼ਲ ਪ੍ਰਬੰਧ ਲਈ ਵਧਾਈ ਦਿੱਤੀ। ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਵੀ ਇਸੇ ਬੇਸ ਤੋਂ ਵੱਖਰੇ ਜਹਾਜ਼ ’ਚ ਉਡਾਣ ਭਰੀ। ਇਸ ਮੌਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ, ਅੰਬਾਲਾ ਮੰਡਲ ਕਮਿਸ਼ਨਰ ਸੰਜੀਵ ਵਰਮਾ, ਆਈ ਜੀ ਪੰਕਜ ਨੈਨ, ਡੀ ਸੀ ਅਜੈ ਸਿੰਘ ਤੋਮਰ ਅਤੇ ਐੱਸ ਪੀ ਅਜੀਤ ਸਿੰਘ ਸ਼ੇਖਾਵਤ ਸਮੇਤ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
ਰਾਸ਼ਟਰਪਤੀ ਨਾਲ ਨਜ਼ਰ ਆਈ ਸ਼ਿਵਾਂਗੀ ਸਿੰਘ
ਚੰਡੀਗੜ੍ਹ (ਟਨਸ): ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਅੰਬਾਲਾ ਦੇ ਏਅਰ ਫੋਰਸ ਸਟੇਸ਼ਨ ਤੋਂ ਲੜਾਕੂ ਜਹਾਜ਼ ਰਾਫੇਲ ’ਤੇ ਪਲੇਠੀ ਉਡਾਣ ਮੌਕੇ ਵਾਰਾਨਸੀ ਵਿਚ ਜਨਮੀ ਸਕੁਐਡਰਨ ਲੀਡਰ ਸ਼ਿਵਾਂਗੀ ਸਿੰਘ ਵੀ ਰਾਸ਼ਟਰਪਤੀ ਨਾਲ ਨਜ਼ਰ ਆਈ। ਸ਼ਿਵਾਂਗੀ ਸਿੰਘ ਦੀ ਮੌਜੂਦਗੀ ਨਾਲ ਭਾਰਤ ਨੇ ਪਾਕਿਸਤਾਨੀ ਸੋਸ਼ਲ ਮੀਡੀਆ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਉਸ ਨੂੰ ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨੀ ਫ਼ੌਜ ਨੇ ਫੜ ਲਿਆ ਸੀ। ਸ਼ਿਵਾਂਗੀ ਸਿੰਘ ਰਾਫੇਲ ਉਡਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਪਾਇਲਟ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਤਸਵੀਰਾਂ ਵਿਚ ਸ਼ਿਵਾਂਗੀ ਸਿੰਘ ਰਾਸ਼ਟਰਪਤੀ ਨਾਲ ਖੜ੍ਹੀ ਹੈ ਅਤੇ ਪਿਛੋਕੜ ਵਿੱਚ ਰਾਫੇਲ ਹੈ।
