President Disanayaka ਸ੍ਰੀਲੰਕਾ ਦੀ ਸਰਜ਼ਮੀਨ ਭਾਰਤੀ ਹਿੱਤਾਂ ਖਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ: ਰਾਸ਼ਟਰਪਤੀ ਦੀਸਾਨਾਇਕੇ
ਨਵੀਂ ਦਿੱਲੀ, 16 ਦਸੰਬਰ
ਸ੍ਰੀ ਲੰਕਾ ਦੇ ਰਾਸ਼ਟਰਪਤੀ ਅਨੂਰਾ ਕੁਮਾਰ ਦੀਸਾਨਾਇਕੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੇ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ਟਾਪੂਨੁਮਾ ਮੁਲਕ ਦੀ ਸਰਜ਼ਮੀਨ ਭਾਰਤ ਦੇ ਹਿੱਤਾਂ ਖਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿਸਾਨਾਇਕੇ ਨੇ ਇਹ ਭਰੋਸਾ ਅਜਿਹੇ ਮੌਕੇ ਦਿੱਤਾ ਹੈ ਜਦੋਂ ਚੀਨ ਦੇ ਕੋਲੰਬੋ ਉੱਤੇ ਵਧਦੇ ਪ੍ਰਭਾਵ ਤੋਂ ਨਵੀਂ ਦਿੱਲੀ ਫ਼ਿਕਰਮੰਦ ਹੈ। ਤਿੰਨ ਰੋਜ਼ਾ ਫੇਰੀ ਲਈ ਭਾਰਤ ਆਏ ਦਿਸਾਨਾਇਕੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖ ਵੱਖ ਮੁੱਦਿਆਂ ਉੱਤੇ ਚਰਚਾ ਕੀਤੀ। ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਰੱਖਿਆ ਸਹਿਯੋਗ ਕਰਾਰ ਨੂੰ ਛੇਤੀ ਸਿਰੇ ਚਾੜ੍ਹਨ ਦੀ ਸਹਿਮਤੀ ਸਣੇ ਬਿਜਲੀ ਗਰਿੱਡ ਕੁਨੈਕਟੀਵਿਟੀ ਤੇ ਮਲਟੀ ਉਤਪਾਦ ਪੈਟਰੋਲੀਅਮ ਪਾਈਪਲਾਈਨਾਂ ਦੀ ਸਥਾਪਤੀ ਨਾਲ ਊਰਜ ਸਬੰਧਾਂ ਨੂੰ ਹੁਲਾਰਾ ਦੇਣ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਮੀਡੀਆ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਹ ਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਇਸ ਗੱਲੋਂ ਪੂਰੀ ਤਰ੍ਹਾਂ ਸਹਿਮਤ ਹਨ ਕਿ ਦੋਵਾਂ ਮੁਲਕਾਂ ਦੇ ਸੁਰੱਖਿਆ ਹਿੱਤ ਇਕ ਦੂਜੇ ਨਾਲ ਜੁੜੇ ਹਨ ਤੇ ਸੁਰੱਖਿਆ ਸਹਿਯੋਗ ਸਮਝੌਤੇ ਨੂੰ ਛੇਤੀ ਅੰਤਿਮ ਰੂਪ ਦੇਣ ਦਾ ਫੈਸਲਾ ਕੀਤਾ ਗਿਆ ਹੈ। ਦਿਸਾਨਾਇਕੇ ਨੇ 20.66 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਲਈ ਭਾਰਤ ਦਾ ਧੰਨਵਾਦ ਕੀਤਾ। -ਪੀਟੀਆਈ