ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ Air Force Day ਉੱਤੇ ਹਵਾਈ ਸੈਨਾ ਦੇ ਅਮਲੇ ਨੂੰ ਵਧਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਹਵਾਈ ਸੈਨਾ ਦੇ ਅਮਲੇ ਨੂੰ Air Force Day ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਵਾਈ ਸੈਨਾ ਨੇ ਸਭ ਤੋਂ ਚੁਣੌਤੀਪੂਰਨ ਹਾਲਾਤ ਵਿਚ ਵੀ ਭਾਰਤੀ ਅਸਮਾਨ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਰੇ ਬਹਾਦਰ ਹਵਾਈ ਯੋਧਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਵਾਈ ਸੈਨਾ ਦਿਵਸ ’ਤੇ ਵਧਾਈਆਂ। ਭਾਰਤੀ ਹਵਾਈ ਸੈਨਾ ਬਹਾਦਰੀ, ਅਨੁਸ਼ਾਸਨ ਅਤੇ ਸ਼ੁੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਡੇ ਅਸਮਾਨ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਵਿੱਚ ਸਭ ਤੋਂ ਚੁਣੌਤੀਪੂਰਨ ਸਥਿਤੀਆਂ ਵੀ ਸ਼ਾਮਲ ਹਨ।’’ ਮੋਦੀ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਦੌਰਾਨ ਵੀ ਉਨ੍ਹਾਂ ਦੀ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਦੀ ਵਚਨਬੱਧਤਾ, ਪੇਸ਼ੇਵਰ ਪਹੁੰਚ ਅਤੇ ਅਜਿੱਤ ਭਾਵਨਾ ਹਰ ਭਾਰਤੀ ਨੂੰ ਮਾਣ ਦਿਵਾਉਂਦੀ ਹੈ।
ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਹਵਾਈ ਸੈਨਾ ਦਿਵਸ ’ਤੇ ਸਾਰੇ ਹਵਾਈ ਯੋਧਿਆਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸੈਨਾ ਨੇ ਆਪਣੀ ਤਾਕਤ ਅਤੇ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਤਿਆਰੀ ਨਾਲ ਰਾਸ਼ਟਰ ਨੂੰ ਮਾਣ ਮਹਿਸੂਸ ਕਰਵਾਇਆ ਹੈ। ਰਾਸ਼ਟਰਪਤੀ ਮੁਰਮੂ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਦੇਸ਼ ਦੇ ਹਵਾਈ ਯੋਧੇ ਸਾਡੇ ਅਸਮਾਨ ਦੀ ਰੱਖਿਆ ਕਰਦੇ ਹਨ ਅਤੇ ਆਫ਼ਤਾਂ ਅਤੇ ਮਾਨਵਤਾਵਾਦੀ ਮਿਸ਼ਨਾਂ ਦੌਰਾਨ ਅਣਥੱਕ ਸਮਰਪਣ ਨਾਲ ਦੇਸ਼ ਦੀ ਸੇਵਾ ਕਰਦੇ ਹਨ।’’ ਹਵਾਈ ਸੈਨਾ ਦਿਵਸ 8 ਅਕਤੂਬਰ ਨੂੰ ਸੰਸਥਾ ਦੀ ਵਰ੍ਹੇਗੰਢ ਮਨਾਉਣ ਅਤੇ ਹਵਾਈ ਯੋਧਿਆਂ ਦੁਆਰਾ ਕੀਤੀਆਂ ਕੁਰਬਾਨੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। -ਪੀਟੀਆਈ